ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹਾਲ ਦੀ ਘੜੀ ਖ਼ਤਮ ਹੋਇਆ ''ਬਿਜਲੀ ਸੰਕਟ''
Tuesday, Jul 13, 2021 - 08:52 AM (IST)

ਪਟਿਆਲਾ (ਪਰਮੀਤ) : ਮਾਨਸੂਨ ਦੀ ਪੰਜਾਬ ਭਰ ’ਚ ਹੋਈ ਆਮਦ ਤੋਂ ਬਾਅਦ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਸੂਬੇ 'ਚ ਬਿਜਲੀ ਸੰਕਟ ਹਾਲ ਦੀ ਘੜੀ ਖ਼ਤਮ ਹੋ ਗਿਆ ਹੈ। ਬਿਜਲੀ ਦੀ ਮੰਗ ’ਚ 4500 ਮੈਗਾਵਾਟ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਦਾ ਇਕ ਬੰਦ ਪਿਆ ਯੂਨਿਟ ਵੀ ਚੱਲ ਪਿਆ। ਬਰਸਾਤ ਦੀ ਆਮਦ ਨਾਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਸੁੱਖ ਦਾ ਸਾਹ ਆਇਆ।
ਬਿਜਲੀ ਦੀ ਜੋ ਤਕਰੀਬਨ 12500 ਮੈਗਾਵਾਟ ਚੱਲ ਰਹੀ ਸੀ, ਉਹ ਡਿੱਗ ਕੇ ਸਿਰਫ 8000 ਮੈਗਾਵਾਟ ਦੇ ਕਰੀਬ ਰਹਿ ਗਈ। ਮੰਗ ’ਚ ਗਿਰਾਵਟ ਨੂੰ ਵੇਖਦਿਆਂ ਪਾਵਰਕਾਮ ਨੇ ਨਿੱਜੀ ਥਰਮਲਾਂ ਦੀ ਉਤਪਾਦਨ ਸਮਰੱਥਾ ਵੀ ਅੱਧੀ ਕਰ ਦਿੱਤੀ। ਬੀਤੀ ਦੇਰ ਸ਼ਾਮ ਰਾਜਪੁਰਾ ਤੇ ਗੋਇੰਦਵਾਲ ਪਲਾਂਟ ਦੇ ਨਾਲ-ਨਾਲ ਤਲਵੰਡੀ ਸਾਬੋ ਦਾ ਇਕ ਯੂਨਿਟ ਅੱਧੀ ਸਮਰੱਥਾ ’ਤੇ ਬਿਜਲੀ ਪੈਦਾ ਕਰ ਰਿਹਾ ਸੀ।
ਰਾਜਪੁਰਾ ਦੇ ਦੋਵੇਂ ਯੂਨਿਟ 332 ਅਤੇ 337 ਮੈਗਾਵਾਟ, ਗੋਇੰਦਵਾਲ ਦੇ 148 ਅਤੇ 153 ਮੈਗਾਵਾਟ ਤੇ ਤਲਵੰਡੀ ਸਾਬੋ ਦਾ ਯੂਨਿਟ 333 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਪ੍ਰਾਈਵੇਟ ਦੇ ਨਾਲ-ਨਾਲ ਸਰਕਾਰੀ ਥਰਮਲਾਂ ਦੀ ਸਮਰੱਥਾ ਵੀ ਅੱਧੀ ਕਰ ਦਿੱਤੀ। ਲਹਿਰਾ ਮੁਹੱਬਤ ਤੇ ਰੋਪੜ ਦੇ ਚੱਲ ਰਹੇ ਯੂਨਿਟ ਅੱਧੀ ਸਮਰੱਥਾ ’ਤੇ ਕਰ ਦਿੱਤੇ ਗਏ।
ਉਧਰ ਮੌਨਸੂਨ ਦੀ ਆਮਦ ਨਾਲ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਉਲਝੇ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ। ਐਤਕੀਂ ਝੋਨੇ ਦੇ 10 ਜੂਨ ਨੂੰ ਸ਼ੁਰੂ ਹੋਏ ਸੀਜ਼ਨ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ ਵਾਅਦੇ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਹੀਂ ਮਿਲੀ। ਹੁਣ ਬਰਸਾਤ ਪੈਣ ਨਾਲ ਝੋਨੇ ਦੀ ਫ਼ਸਲ ਸੰਭਾਲੀ ਜਾ ਸਕੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ