ਸਿਟੀ ਬਿਊਟੀਫੁੱਲ 'ਚ ਮਾਨਸੂਨ ਨੂੰ ਲੈ ਕੇ ਤਾਜ਼ਾ ਅਪਡੇਟ, ਪ੍ਰੀ-ਮਾਨਸੂਨ ਨੇ ਮੌਸਮ ਕੀਤਾ ਠੰਡਾ
Wednesday, Jun 28, 2023 - 10:08 AM (IST)
ਚੰਡੀਗੜ੍ਹ (ਪਾਲ) : ਮਾਨਸੂਨ ਭਾਵੇਂ ਹੀ ਸਰਗਰਮ ਨਹੀਂ ਹੋਇਆ ਹੈ ਪਰ ਪ੍ਰੀ-ਮਾਨਸੂਨ ਸਰਗਰਮੀ ਨੇ ਸ਼ਹਿਰ ਦਾ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ। ਬੁੱਧਵਾਰ ਤੱਕ ਮਾਨਸੂਨ ਆ ਸਕਦਾ ਹੈ। ਮੰਗਲਵਾਰ ਸਵੇਰ ਤੋਂ ਸ਼ਾਮ ਤੱਕ ਧੁੱਪ-ਛਾਂ ਦਾ ਦੌਰ ਚੱਲਦਾ ਰਿਹਾ। ਸ਼ਾਮ 4.45 ਤੋਂ ਸ਼ਾਮ 6.20 ਤੱਕ 4.4 ਐੱਮ. ਐੱਮ. ਮੀਂਹ ਪਿਆ। ਸ਼ਾਮ ਦੇ ਮੀਂਹ ਤੋਂ ਬਾਅਦ ਤਾਪਮਾਨ 'ਚ 8 ਡਿਗਰੀ ਦੀ ਗਿਰਾਵਟ ਵੇਖੀ ਗਈ। ਸ਼ਾਮ 5.30 ਵਜੇ ਤਾਪਮਾਨ 26.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦੋਂ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਦਰਜ ਹੋਇਆ। ਹੇਠਲਾ ਤਾਪਮਾਨ 26.6 ਡਿਗਰੀ ਰਿਕਾਰਡ ਹੋਇਆ। ਮੀਂਹ ਦੀ ਗੱਲ ਕਰੀਏ ਤਾਂ 24 ਘੰਟਿਆਂ 'ਚ 41.8 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ ਹੈ, ਜਦੋਂ ਕਿ ਅਜੇ ਤੱਕ ਜੂਨ ਮਹੀਨੇ 'ਚ ਕੁੱਲ ਮੀਂਹ 118.2 ਐੱਮ. ਐੱਮ. ਪੈ ਚੁੱਕਿਆ ਹੈ। 2 ਸਾਲ ਦੇ ਅੰਕੜੇ ਵੇਖੀਏ ਤਾਂ 2022 'ਚ ਜੂਨ ਮਹੀਨੇ 'ਚ ਕੁੱਲ 49 ਐੱਮ. ਐੱਮ. ਮੀਂਹ ਪਿਆ ਸੀ, ਜਦੋਂ ਕਿ 2021 'ਚ ਜੂਨ ਮਹੀਨੇ 'ਚ ਕੁੱਲ 129 ਐੱਮ. ਐੱਮ. ਮੀਂਹ ਪਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਧਿਆਨ ਦੇਣ, ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ
ਇਸ ਵਾਰ ਸਮੇਂ ਤੋਂ ਪਹਿਲਾਂ ਮਾਨਸੂਨ
ਚੰਡੀਗੜ੍ਹ ਮੌਸਮ ਕੇਂਦਰ ਨੇ ਮੰਗਲਵਾਰ ਵੀ ਮਾਨਸੂਨ ਸਰਗਰਮ ਹੋਣ ਦਾ ਆਧਿਕਾਰਤ ਐਲਾਨ ਨਹੀਂ ਕੀਤਾ। ਸੋਮਵਾਰ ਮੀਂਹ ਤੋਂ ਬਾਅਦ ਕਈ ਜਗ੍ਹਾ ਮਾਨਸੂਨ ਸਰਗਰਮ ਹੋਣ ਦੀ ਗੱਲ ਕਹੀ ਗਈ ਪਰ ਵਿਭਾਗ ਨੇ ਪੁਸ਼ਟੀ ਨਹੀਂ ਕੀਤੀ। ਮੌਸਮ ਕੇਂਦਰ ਦੇ ਵਿਗਿਆਨੀ ਬੀ. ਏ. ਕੇ. ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਫਿਰੋਜ਼ਪੁਰ ਅਤੇ ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ਤੱਕ ਮਾਨਸੂਨ ਪਹੁੰਚ ਗਿਆ ਹੈ। ਇਕ ਦਿਨ ਪਹਿਲਾਂ ਸੋਮਵਾਰ ਵੀ ਵਿਭਾਗ ਨੇ ਮਾਨਸੂਨ ਨੂੰ ਇਨ੍ਹਾਂ ਜ਼ਿਲ੍ਹਿਆਂ ਤੱਕ ਹੀ ਸੀਮਤ ਰੱਖਿਆ ਸੀ। ਸਿੰਘ ਨੇ ਦੱਸਿਆ ਕਿ ਬੁੱਧਵਾਰ ਵੀ ਫਿਰ ਮਾਨਸੂਨ ਦੀ ਐਕਟੀਵਿਟੀ ਵੇਖੀ ਜਾਵੇਗੀ, ਜਿਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਾਨਸੂਨ ਦੇ ਐਲਾਨ ਸਬੰਧੀ ਇਹ ਦੇਰੀ ਨਹੀਂ ਹੈ, ਸਗੋਂ ਇਸ ਵਾਰ ਇਹ ਸਮੇਂ ਤੋਂ ਪਹਿਲਾਂ ਆਇਆ ਹੈ। ਆਮ ਤੌਰ ’ਤੇ ਮਾਨਸੂਨ 28 ਤੋਂ 30 ਜੂਨ ਵਿਚਕਾਰ ਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਖ਼ੁਸ਼ਖ਼ਬਰੀ, ਜਲਦ ਇਹ ਕਰਨ ਜਾ ਰਹੀ ਸਰਕਾਰ
ਇਸ ਤੋਂ ਬਾਅਦ ਮਾਨਸੂਨ ਆਉਣ ’ਤੇ ਦੇਰੀ ਕਿਹਾ ਜਾਂਦਾ ਹੈ। ਦੂਜੇ ਸਟੇਸ਼ਨਾਂ ਨਾਲ ਮੀਟਿੰਗ ਕਰ ਕੇ ਮਾਨਸੂਨ ਦੀ ਮੂਵਮੈਂਟ ਨੂੰ ਜਾਣਿਆ ਅਤੇ ਵੇਖਿਆ ਹੈ। ਭਾਵੇਂ ਹੀ ਪੰਜਾਬ ਤੇ ਹਰਿਆਣਾ ਤੱਕ ਇਹ ਆ ਗਿਆ ਹੈ ਪਰ ਸਾਰੇ ਹਿੱਸੇ ਅਜੇ ਕਵਰ ਨਹੀਂ ਹੋਏ ਹਨ। ਇਸ ਲਈ ਅਜੇ ਥੋੜ੍ਹਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਮਾਨਸੂਨ ਕਿਵੇਂ ਵੱਧ ਰਿਹਾ ਹੈ। ਇਸ ਹਿੱਸੇ 'ਚ ਮਾਨਸੂਨ ਰਾਜਸਥਾਨ ਤੋਂ ਹੁੰਦੇ ਹੋਏ ਆਉਂਦਾ ਹੈ। ਮੰਗਲਵਾਰ ਵੀ ਸ਼ਹਿਰ 'ਚ ਮੀਂਹ ਪਿਆ। ਅੱਗੇ ਮੀਂਹ ਦਾ ਗ੍ਰਾਫ਼ ਵੇਖਣਾ ਬਹੁਤ ਅਹਿਮ ਹੈ। ਉਮੀਦ ਹੈ ਕਿ ਬੁੱਧਵਾਰ ਤੱਕ ਮਾਨਸੂਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਪਹੁੰਚ ਜਾਵੇਗਾ। ਮਾਨਸੂਨ 'ਚ ਸਿਰਫ ਮੀਂਹ ਪੈਣਾ ਕਾਫ਼ੀ ਨਹੀਂ ਹੈ, ਉਹ ਕਿੰਨੀ ਦੇਰ ਲਗਾਤਾਰ ਪੈ ਰਿਹਾ ਹੈ, ਇਹ ਵੀ ਬਹੁਤ ਮਾਇਨੇ ਰੱਖਦਾ ਹੈ। ਮਾਨਸੂਨ ਸਰਗਰਮ ਹੋਣ ਸਬੰਧੀ ਰਾਜਸਥਾਨ ਸਟੇਸ਼ਨ ਵੀ ਸੰਪਰਕ 'ਚ ਹੈ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਵੇਖਿਆ ਗਿਆ ਕਿ ਇਕ ਦਿਨ ਪਹਿਲਾਂ ਦੀ ਸਥਿਤੀ ਹਾਲੇ ਤੱਕ ਬਣੀ ਹੋਈ ਹੈ। ਵੱਧ ਤੋਂ ਵੱਧ 48 ਘੰਟਿਆਂ 'ਚ ਮਾਨਸੂਨ ਸਾਰੇ ਹਿੱਸਿਆਂ ’ਤੇ ਸਰਗਰਮ ਹੋ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ