ਬਿਨਾਂ ਕੰਮਾਂ ਤੋਂ ਖਰਚ ਦਿੱਤੇ ਲੱਖਾਂ ਰੁਪਏ
Saturday, Mar 10, 2018 - 08:14 AM (IST)
ਪਟਿਆਲਾ/ਰੱਖੜਾ (ਰਾਣਾ) - ਸੀ. ਐੈੱਮ. ਸਿਟੀ ਦੇ ਨਾਲ ਲਗਦੇ ਹਲਕਾ ਸਨੌਰ ਦੇ ਪਿੰਡ ਸਾਹਿਬ ਨਗਰ ਥੇੜੀ ਵਿਚ ਪਿਛਲੇ ਲੰਮੇ ਸਮੇਂ ਤੋਂ ਬਹੁ-ਕਰੋੜੀ ਸ਼ਾਮਲਾਟ ਜ਼ਮੀਨ ਦਾ ਮਾਮਲਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਘੁੰਮਣਘੇਰੀ ਵਿਚ ਫਸਿਆ ਦਿਖਾਈ ਦੇ ਰਿਹਾ ਹੈ। ਆਰ. ਟੀ. ਆਈ. ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗ੍ਰਾਮ ਪੰਚਾਇਤ ਪਿੰਡ ਸਾਹਿਬ ਨਗਰ ਥੇੜੀ ਨੇ ਬਿਨਾਂ ਕੰਮਾਂ ਤੋਂ ਹੀ ਲੱਖਾਂ ਰੁਪਏ ਦੇ ਖਰਚੇ ਫਰਜ਼ੀ ਹੀ ਦਿਖਾ ਦਿੱਤੇ ਹਨ ਅਤੇ ਫਰਜ਼ੀ ਹੀ ਜਨਰਲ ਅਜਲਾਸ ਦਿਖਾ ਕੇ ਉਕਤ ਰਕਮ ਹੜੱਪ ਕਰਨ ਦਾ ਖਦਸ਼ਾ ਜ਼ਾਹਰ ਹੁੰਦਾ ਹੈ। ਆਰ. ਟੀ. ਆਈ. ਵਿਚ ਮਿਲੀ ਜਾਣਕਾਰੀ ਮੁਤਾਬਕ ਗ੍ਰਾਮ ਪੰਚਾਇਤ ਵੱਲੋਂ ਕਾਗਜ਼ਾਂ 'ਚ ਆਮਦਨ 50 ਲੱਖ 82 ਹਜ਼ਾਰ ਰੁਪਏ ਦਿਖਾਈ ਗਈ ਹੈ। ਕਾਗਜ਼ਾਂ ਵਿਚ ਕੀਤੇ ਗਏ ਫਰਜ਼ੀ ਕੰਮਾਂ ਦਾ ਖਰਚਾ 89 ਲੱਖ 35 ਹਜ਼ਾਰ ਰੁਪਏ ਦਿਖਾਇਆ ਗਿਆ। ਜਿਹੜੇ ਕੰਮਾਂ ਸਬੰਧੀ ਜਨਰਲ ਅਜਲਾਸ ਵਿਚ ਦੱਸਿਆ ਗਿਆ ਹੈ, ਉੁਨ੍ਹਾਂ ਵਿਚ ਧਰਮਸ਼ਾਲਾ ਲਈ 20 ਲੱਖ, ਗਲੀਆਂ-ਨਾਲੀਆਂ ਲਈ 20 ਲੱਖ, ਡਿਸਪੈਂਸਰੀ ਦੀ ਉਸਾਰੀ ਲਈ 20 ਲੱਖ, ਆਂਗਣਵਾੜੀ ਸੈਂਟਰਾਂ ਲਈ 1 ਲੱਖ, ਫੁਟਕਲ ਖਰਚਾ 50 ਹਜ਼ਾਰ, ਨੂਨਗਰਾਂ ਦੀ ਧਰਮਸ਼ਾਲਾ 'ਤੇ 2 ਲੱਖ, ਤਿੰਨ ਆਂਗਣਵਾੜੀ ਸੈਂਟਰਾਂ 'ਤੇ 8 ਲੱਖ, ਦੁਕਾਨਾਂ ਦੀ ਉਸਾਰੀ ਤੇ 30 ਲੱਖ, ਜਿਮ ਲਈ ਕਮਰੇ ਦੀ ਉਸਾਰੀ ਤੇ 3 ਲੱਖ, ਛੱਪੜ ਦੀ ਸਫਾਈ ਤੇ ਚਾਰਦੀਵਾਰੀ 'ਤੇ 1 ਲੱਖ 80 ਹਜ਼ਾਰ ਰੁਪਏ ਆਦਿ ਕੰਮਾਂ ਦੇ ਮੋਟੇ ਤੌਰ 'ਤੇ ਖਰਚ ਦਿਖਾਏ ਗਏ ਹਨ। ਇਨ੍ਹਾਂ ਵਿਚ ਬਹੁਤੀਆਂ ਥਾਵਾਂ 'ਤੇ ਕੀਤਾ ਹੋਇਆ ਕੰਮ ਜ਼ਮੀਨੀ ਪੱਧਰ 'ਤੇ ਦਿਖਾਈ ਹੀ ਨਹੀਂ ਦਿੰਦਾ।
ਇਸ ਤੋਂ ਸਾਫ ਝਲਕਦਾ ਹੈ ਕਿ ਜੋ ਜਨਰਲ ਅਜਲਾਸ ਦੇ ਮਤੇ ਪਾਏ ਗਏ ਹਨ, ਉਨ੍ਹਾਂ 'ਤੇ ਲਾਏ ਗਏ ਅੰਗੂਠਿਆਂ ਦੇ ਨਿਸ਼ਾਨ ਵੀ ਸਾਫ ਤੌਰ 'ਤੇ ਫਰਜ਼ੀ ਲੱਗੇ ਹੋਏ ਝਲਕਦੇ ਹਨ। ਇਸ ਪੂਰੇ ਮਾਮਲੇ ਦੀ ਉੱਚ-ਪੱਧਰੀ ਜਾਂਚ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਸਾਹਿਬ ਨਗਰ ਥੇੜੀ ਦੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਮੁੱਚੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰਨ ਲਈ ਮੁੱਖ ਮੰਤਰੀ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਗ੍ਰਾਮ ਪੰਚਾਇਤ ਦੀ ਬਦੌਲਤ ਪਿੰਡ ਦੀ ਬਹੁ-ਕਰੋੜੀ ਸ਼ਾਮਲਾਟ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਵੀ ਹਾਈ ਕੋਰਟ ਦੇ ਦਰਬਾਰ ਪੁੱਜਾ ਹੋਇਆ ਹੈ, ਜਿਥੇ ਉੱਚ ਅਫਸਰਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਜਵਾਬਦੇਹ ਹੋਣਾ ਪਿਆ ਸੀ। ਪੰਚਾਇਤ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਨਿੱਤ ਨਵਾਂ ਕਾਰਾ ਕਰਨ ਲਈ ਤਤਪਰ ਨਜ਼ਰ ਆਉਂਦੀ ਹੈ।
ਇੰਨੀ ਗ੍ਰਾਂਟ ਨਾਲ ਸਾਡਾ ਪਿੰਡ ਬਣ ਸਕਦਾ ਸੀ ਸ਼ਹਿਰ : ਸ਼ਰਮਾ
ਆਰ. ਟੀ. ਆਈ. ਰਾਹੀਂ ਗ੍ਰਾਮ ਪੰਚਾਇਤ ਦੇ ਫੰਡਾਂ ਦੀ ਜਾਣਕਾਰੀ ਮੰਗਣ ਵਾਲੇ ਉੱਘੇ ਸਮਾਜ-ਸੇਵੀ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਬਿਨਾਂ ਕੰਮ ਕੀਤੇ ਹੀ ਲੱਖਾਂ ਰੁਪਏ ਦੇ ਖਰਚੇ ਦਿਖਾ ਦਿੱਤੇ ਗਏ ਹਨ। ਪੰਚਾਇਤ ਦੀ ਆਮਦਨ 50 ਲੱਖ ਰੁਪਏ ਨਾਲ ਸਾਡਾ ਪਿੰਡ ਸ਼ਹਿਰ ਬਣ ਸਕਦਾ ਸੀ। ਹਾਲ ਬਦ ਤੋਂ ਬਦਤਰ ਹੋਏ ਪਏ ਹਨ ਅਤੇ ਪੰਚਾਇਤ ਵਿਕਾਸ ਕਾਰਜਾਂ ਦਾ ਖਰਚ 90 ਲੱਖ ਰੁਪਏ ਦਿਖਾ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡ ਵਿਚ ਲੱਗੇ ਸਰਕਾਰੀ ਨੋਟਿਸ ਬੋਰਡ 'ਤੇ ਦਰਸਾਈਆਂ ਗ੍ਰਾਂਟਾਂ ਵਿਚ ਵੀ ਵੱਡਾ ਹੇਰ-ਫੇਰ ਹੋਣ ਦਾ ਵੀ ਇਕ ਵੱਡਾ ਫਰਜ਼ੀਵਾੜਾ ਹੈ। ਇਸ ਦਾ ਮੁਲਾਂਕਣ ਕਰ ਕੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਵੇਗੀ : ਡੀ. ਸੀ.
ਪਿੰਡ ਸਾਹਿਬ ਨਗਰ ਥੇੜੀ ਦੀ ਗ੍ਰਾਮ ਪੰਚਾਇਤ ਵੱਲੋਂ ਫੰਡਾਂ ਦੀ ਦੁਰਵਰਤੋਂ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਏ. ਡੀ. ਸੀ. ਵਿਕਾਸ ਨੂੰ ਲਿਖਤੀ ਹਦਾਇਤ ਕਰ ਕੇ ਇਸ ਸਮੁੱਚੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਏ. ਡੀ. ਸੀ. ਵਿਕਾਸ ਸ਼ੌਕਤ ਅਹਿਮਦ ਪਰੇ ਨੇ ਸਮੁੱਚੇ ਖਰਚ ਹੋਏ ਫੰਡਾਂ ਨਾਲ ਕੀਤੇ ਵਿਕਾਸ ਕਾਰਜਾਂ ਦਾ ਮੁਲਾਂਕਣ ਕਰਨ ਲਈ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਪਟਿਆਲਾ ਨੂੰ ਮੌਜੂਦਾ ਸਰਪੰਚ ਜਗਦੀਸ਼ ਸਿੰਘ ਦੇ ਕਾਰਜਕਾਲ ਦੌਰਾਨ ਕੀਤੇ ਗਏ ਸਾਰੇ ਵਿਕਾਸ ਕਾਰਜਾਂ ਦੀ ਮਿਣਤੀ/ਅਸੈੱਸਮੈਂਟ 10 ਦਿਨਾਂ ਦੇ ਅੰਦਰ ਰਿਪੋਰਟ ਦਫਤਰ ਦਾਖਲ ਕਰਨ ਲਈ ਲਿਖਤੀ ਹਦਾਇਤ ਕੀਤੀ ਗਈ ਹੈ।
