ਮਨੀ ਐਕਸਚੇਂਜਰ ਨਾਲ ਹੋਈ ਲੁੱਟ ਦਾ ਮਾਮਲਾ ਸੁਲਝਿਆ
Tuesday, Nov 14, 2017 - 07:46 AM (IST)

ਲੁਧਿਆਣਾ, (ਮਹੇਸ਼)- ਜੋਧੋਵਾਲ ਦੇ ਨੂਰਵਾਲਾ ਰੋਡ 'ਤੇ ਮਨੀ ਐਕਸਚੇਂਜਰ ਨਾਲ ਹੋਈ ਲੁੱਟ ਦੇ ਕੇਸ ਵਿਚ ਪੁਲਸ ਨੇ 24 ਘੰਟਿਆਂ ਅੰਦਰ 2 ਦੋਸ਼ੀਆਂ ਨੂੰ ਬੜੇ ਹੀ ਨਾਟਕੀ ਢੰਗ ਨਾਲ ਗ੍ਰਿਫਤਾਰ ਕਰ ਕੇ ਇਸ ਦਾ ਨਿਪਟਾਰਾ ਕਰ ਦਿੱਤਾ ਹੈ।
ਲੁੱਟ ਦੀ ਇਸ ਵਾਰਦਾਤ ਨੂੰ ਕੇਸ ਦੀ ਸ਼ਿਕਾਇਤਕਰਤਾ ਸਾਰਣੀ ਸ਼ਰਮਾ ਦੇ ਇਕ ਦੋਸਤ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਅੰਜਾਮ ਦਿੱਤਾ ਸੀ, ਜੋ ਕਿ ਆਪਣੀ ਭੈਣ ਕੋਲ ਦੁਬਈ ਜਾਣ ਦਾ ਇੱਛੁਕ ਸੀ। ਪੁਲਸ ਨੇ ਇਨ੍ਹਾਂ ਕੋਲੋਂ 3.84 ਲੱਖ ਦੀ ਨਕਦੀ ਅਤੇ ਵਾਰਦਾਤ ਵਿਚ ਵਰਤੀ ਗਈ ਸਕੂਟਰੀ ਜ਼ਬਤ ਕਰ ਲਈ ਹੈ, ਜਦੋਂਕਿ ਚਾਕੂ ਦੀ ਬਰਾਮਦਗੀ ਹੋਣੀ ਅਜੇ ਬਾਕੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਜਲਦ ਹੀ ਇਸ ਦੀ ਵੀ ਬਰਾਮਦਗੀ ਕਰਵਾ ਲਈ ਜਾਵੇਗੀ।
ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ, ਏ. ਸੀ. ਪੀ. ਪਵਨਜੀਤ ਚੌਧਰੀ ਨੇ ਦੱਸਿਆ ਕਿ ਫੜੇ ਗਏ ਮੁੱਖ ਦੋਸ਼ੀ ਦੀ ਪਛਾਣ ਕਾਕੋਵਾਲ ਰੋਡ ਦੀ ਨੰਦਾ ਕਾਲੋਨੀ ਦੇ ਸੋਨੂ (24) ਅਤੇ ਉਸ ਦੇ ਸਾਥੀ ਸ਼ਿਮਲਾ ਕਾਲੋਨੀ ਦੇ ਦਰਸ਼ਿਤ ਸ਼ਰਮਾ (23) ਵਜੋਂ ਹੋਈ ਹੈ। ਇਨ੍ਹਾਂ ਨੂੰ ਸੂਚਨਾ ਦੇ ਆਧਾਰ 'ਤੇ ਕੈਲਾਸ਼ ਨਗਰ ਰੋਡ 'ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਇਹ ਬਿਨਾਂ ਨੰਬਰੀ ਜੂਪੀਟਰ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੇ ਸਨ।
ਬੋਪਾਰਾਏ ਨੇ ਦੱਸਿਆ ਕਿ ਸੋਨੂ ਬੇਰੁਜ਼ਗਾਰ ਹੈ, ਉਸ ਦੇ ਪਿਤਾ ਨੰਦ ਕਿਸ਼ੋਰ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਚੁੱਕਾ ਹੈ। ਉਸ ਦੀ ਵੱਡੀ ਭੈਣ ਬਿੰਨੀ ਦੁਬਈ ਵਿਚ ਹੈ, ਜੋ ਘਰ ਦਾ ਖਰਚਾ ਚਲਾਉਣ ਲਈ ਹਰ ਮਹੀਨੇ ਉਸ ਨੂੰ 15000 ਰੁਪਏ ਭੇਜਿਆ ਕਰਦੀ ਸੀ, ਜਦੋਂਕਿ ਦਰਸ਼ਿਤ ਸੁੰਦਰ ਨਗਰ ਦੇ ਮਾਇਆਪੁਰੀ ਇਲਾਕੇ ਵਿਚ ਇਕ ਹੌਜ਼ਰੀ ਕਾਰੋਬਾਰੀ ਕੋਲ ਮਾਰਕੀਟਿੰਗ ਦਾ ਕੰਮ ਕਰਦਾ ਹੈ। ਲੁੱਟ ਦੀ ਰਕਮ ਦਰਸ਼ਿਤ ਦੇ ਦਫਤਰ ਤੋਂ ਬਰਾਮਦ ਕਰਵਾਈ ਗਈ, ਜੋ ਉਸ ਨੇ ਇਕ ਕੂਲਰ ਵਿਚ ਲੁਕੋ ਕੇ ਰੱਖੀ ਹੋਈ ਸੀ, ਜਦੋਂਕਿ ਲੁੱਟ ਦੀ ਵਾਰਦਾਤ ਨੂੰ ਸੋਨੂ ਨੇ ਅੰਜਾਮ ਦਿੱਤਾ ਸੀ। ਦੋਵੇਂ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਬੋਪਾਰਾਏ ਨੇ ਦੱਸਿਆ ਕਿ ਹਾਲ ਦੀ ਘੜੀ ਅਜੇ ਹੁਣ ਤੱਕ ਕੀਤੀ ਗਈ ਜਾਂਚ ਵਿਚ ਸਾਰਣੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ ਪਰ ਉਸ ਨੂੰ ਕਲੀਨ ਚਿੱਟ ਵੀ ਨਹੀਂ ਦਿੱਤੀ ਗਈ ਹੈ।
ਸਾਰਣੀ ਨਾਲ ਦੋਸਤੀ ਸੀ ਸੋਨੂ ਦੀ
ਪਵਨਜੀਤ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਨੂ ਹਰ ਮਹੀਨੇ ਪੈਸੇ ਲੈਣ ਲਈ ਕਾਲੜਾ ਟ੍ਰੈਵਲ ਅਤੇ ਮਨੀ ਐਕਸਚੇਂਜਰ ਦੇ ਦਫਤਰ ਜਾਇਆ ਕਰਦਾ ਸੀ ਜੋ ਉਸ ਦੀ ਭੈਣ ਦੁਬਈ ਤੋਂ ਭੇਜਦੀ ਸੀ। ਇਸ ਦੌਰਾਨ ਉਸ ਦੀ ਸਾਰਣੀ ਨਾਲ ਪਹਿਲਾਂ ਜਾਣ-ਪਛਾਣ ਹੋ ਗਈ ਅਤੇ ਫਿਰ ਦੋਸਤੀ ਹੋ ਗਈ। ਦੋਵਾਂ ਦੀ ਮੋਬਾਇਲ 'ਤੇ ਆਪਸ ਵਿਚ ਗੱਲ ਹੋਣ ਲੱਗੀ। ਸਾਰਣੀ ਉਸ ਨੂੰ ਆਪਣਾ ਦੋਸਤ ਸਮਝ ਕੇ ਸਾਰੀਆਂ ਗੱਲਾਂ ਸਾਂਝੀਆਂ ਕਰ ਲਿਆ ਕਰਦੀ ਸੀ।
ਲੁੱਟ ਦੀ ਯੋਜਨਾ 'ਚ ਕੀਤਾ ਦਰਸ਼ਿਤ ਨੂੰ ਸ਼ਾਮਲ
ਬੋਪਾਰਾਏ ਨੇ ਦੱਸਿਆ ਕਿ ਸੋਨੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਰਣੀ ਦਾ ਮਾਲਕ ਸ਼ਹਿਰ ਤੋਂ ਬਾਹਰ ਹੈ ਤਾਂ ਉਸ ਨੇ ਲੁੱਟ ਦੀ ਯੋਜਨਾ ਬਣਾਈ। ਪੈਸਿਆਂ ਦਾ ਲਾਲਚ ਦੇ ਕੇ ਉਸ ਨੇ ਆਪਣੇ ਦੋਸਤ ਦਰਸ਼ਿਤਾ ਨੂੰ ਵੀ ਰਾਜ਼ੀ ਕਰ ਲਿਆ। ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਉਸ ਨੇ ਦਰਸ਼ਿਤ ਦੀ ਸਕੂਟੀ ਦੀ ਵਰਤੋਂ ਕੀਤੀ। ਉਸ ਦੀ ਸੋਚ ਸੀ ਕਿ ਜੇਕਰ ਉਹ ਆਪਣੀ ਐਕਟਿਵਾ 'ਤੇ ਇਸ ਵਾਰਦਾਤ ਨੂੰ ਅੰਜਾਮ ਦੇਵੇਗਾ ਤਾਂ ਸਾਰਿਆਂ ਦੀ ਨਜ਼ਰ ਵਿਚ ਆ ਜਾਵੇਗਾ ਤੇ ਫੜਿਆ ਜਾਵੇਗਾ। ਕਰੀਬ 9 ਵਜੇ ਦਰਸ਼ਿਤ ਦੀ ਸਕੂਟੀ ਲੈ ਕੇ ਉਹ ਸਾਰਣੀ ਦੇ ਦਫਤਰ ਪੁੱਜਾ, ਸਕੂਟੀ ਉਸ ਨੇ ਦਫਤਰ ਤੋਂ ਕੁੱਝ ਕਦਮ ਦੂਰ ਖੜ੍ਹੀ ਕਰ ਦਿੱਤੀ। ਸਾਰਣੀ ਉਸ ਨੂੰ ਪਛਾਣ ਨਾ ਸਕੇ, ਇਸ ਦੇ ਲਈ ਉਸ ਨੇ ਮੂੰਹ 'ਤੇ ਰੁਮਾਲ ਬੰਨ੍ਹ ਲਿਆ ਅਤੇ ਸਿਰ ਹੁੱਡੀ ਨਾਲ ਢੱਕ ਲਿਆ ਸੀ। ਏ. ਸੀ. ਪੀ. ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟੀ ਗਈ ਨਕਦੀ ਅਤੇ ਸਕੂਟੀ ਸੋਨੂ ਨੇ ਰਸਤੇ 'ਚ ਹੀ ਦਰਸ਼ਿਤ ਨੂੰ ਫੜਾ ਦਿੱਤੀ।
ਇਸ ਤਰ੍ਹਾਂ ਫੜੇ ਗਏ ਦੋਸ਼ੀ
ਏ. ਡੀ. ਸੀ.ਪੀ. ਨੇ ਦੱਸਿਆ ਕਿ ਸ਼ਨੀਵਾਰ ਨੂੰ ਸੋਨੂ ਨੇ ਸਾਰਣੀ ਨੂੰ ਫੋਨ ਕੀਤਾ ਸੀ ਕਿ ਉਹ ਅਦਾਇਗੀ ਲੈਣ ਲਈ ਆ ਰਿਹਾ ਹੈ, ਜੋ ਉਸ ਦੀ ਭੈਣ ਨੇ ਭੇਜੀ। ਸਾਰਣੀ ਉਸ ਦਾ ਦੇਰ ਸ਼ਾਮ ਇੰਤਜ਼ਾਰ ਕਰਦੀ ਰਹੀ। ਦਫਤਰ ਬੰਦ ਕਰਨ ਤੋਂ ਪਹਿਲਾਂ ਵੀ ਸਾਰਣੀ ਨੇ ਉਸ ਨੂੰ ਫੋਨ ਕੀਤਾ ਪਰ ਇਸ ਦੇ ਬਾਵਜੂਦ ਉਹ ਨਹੀਂ ਆਇਆ। ਇਸ ਗੱਲ ਨੂੰ ਲੈ ਕੇ ਉਹ ਪੁਲਸ ਦੀ ਰਾਡਾਰ 'ਤੇ ਆ ਗਿਆ।
ਸਾਰਣੀ ਨੇ ਸੋਨੂ ਦਾ ਜੋ ਹੁਲੀਆ ਦੱਸਿਆ ਉਹ ਲੁਟੇਰਿਆਂ ਨਾਲ ਹੂ-ਬਹੂ ਮੇਲ ਖਾ ਰਿਹਾ ਸੀ। ਪੁਲਸ ਨੇ ਫੌਰਨ ਹਰਕਤ ਵਿਚ ਆਉਂਦੇ ਹੋਏ, ਉਸ ਦਾ ਪਤਾ ਕਢਵਾਇਆ ਅਤੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਜਦੋਂ ਪੂਰਾ ਯਕੀਨ ਹੋ ਗਿਆ ਤਾਂ ਦੋਵਾਂ ਨੂੰ ਸਪੈਸ਼ਲ ਨਾਕਾਬੰਦੀ ਕਰ ਕੇ ਦਬੋਚ ਲਿਆ।
ਲੁੱਟੀ ਗਈ ਨਕਦੀ ਨੂੰ ਲੈ ਕੇ ਦੁਚਿੱਤੀ
ਲੁੱਟ ਦੀ ਨਕਦੀ ਨੂੰ ਲੈ ਕੇ ਅਜੇ ਤੱਕ ਦੁਵਿਧਾ ਬਣੀ ਹੋਈ ਹੈ। ਸਾਰਣੀ ਨੇ ਲੁੱਟੀ ਗਈ ਰਕਮ 4.05 ਲੱਖ ਰੁਪਏ ਸ਼ਿਕਾਇਤ ਵਿਚ ਦਰਜ ਕਰਵਾਈ ਹੈ, ਜਦੋਂਕਿ ਪਵਨਜੀਤ ਦਾ ਕਹਿਣਾ ਹੈ ਕਿ ਲੁੱਟ ਹੀ 3.84 ਲੱਖ ਦੀ ਹੋਈ ਸੀ। ਸਾਰਣੀ ਨੇ ਗਲਤੀ ਨਾਲ ਰਕਮ ਜ਼ਿਆਦਾ ਲਿਖਵਾ ਦਿੱਤੀ।