ਲੁਧਿਆਣਾ ਦੇ ਮਨੀ ਐਕਸਚੇਂਜਰ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

Sunday, Apr 16, 2023 - 06:33 PM (IST)

ਲੁਧਿਆਣਾ ਦੇ ਮਨੀ ਐਕਸਚੇਂਜਰ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਲੁਧਿਆਣਾ (ਰਾਜ) : ਮਨੀ ਐਕਸਚੇਂਜਰ ਨਾਲ ਹੋਈ ਲੁੱਟ ਤੋਂ ਬਾਅਦ ਕਤਲ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ ਚਾਰ ਦਿਨਾਂ ਵਿਚ ਹੱਲ ਕਰ ਲਿਆ ਹੈ, ਇਸ ਵਾਰਦਾਤ ਨੂੰ ਮਰਚੈਂਟ ਨੇਵੀ ’ਚੋਂ ਕੱਢੇ ਗਏ ਇਕ ਮੁਲਾਜ਼ਮ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਸੀ, ਜਿਸ ਵਿਚ ਇਕ ਔਰਤ ਵੀ ਸ਼ਾਮਲ ਸੀ। ਹੁਣ ਪੁਲਸ ਨੇ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮ ਮਨਦੀਪ ਸਿੰਘ ਉਰਫ ਮੰਨਾ ਅਤੇ ਕੁਲਦੀਪ ਕੌਰ ਹਨ, ਜੋ ਜਗਰਾਓਂ ਦੇ ਪਿੰਡ ਸਿੱਧਵਾਂ ਬੇਟ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟ ਦੇ 34.35 ਲੱਖ ਰੁਪਏ, ਵਰਦਾਤ ਵਿਚ ਵਰਤੀਆਂ ਦੋ ਕਾਰਾਂ, ਇਕ ਚੋਰੀਸ਼ੁਦਾ ਐਕਟਿਵਾ ਅਤੇ ਕਤਲ ਵਿਚ ਵਰਤਿਆ ਸੂਆ ਵੀ ਬਰਾਮਦ ਹੋ ਗਿਆ ਹੈ ਜਦਕਿ ਗੁਰਦਾਸਪੁਰ ਦਾ ਰਹਿਣ ਵਾਲਾ ਤੀਜਾ ਮੁਲਜ਼ਮ ਜੋਬਨਜੀਤ ਸਿੰਘ ਅਜੇ ਫਰਾਰ ਚੱਲ ਰਿਹਾ ਹੈ। ਉਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਕੁੜੀ ਲੈ ਕੇ ਕੋਠੀ ’ਚ ਵੜੇ ਐੱਸ. ਐੱਚ. ਓ. ਨੂੰ ਲੋਕਾਂ ਨੇ ਪਾਇਆ ਘੇਰਾ, ਖੋਲ੍ਹ ਕੇ ਰੱਖ ’ਤੀ ਗੰਦੀ ਕਰਤੂਤ (ਵੀਡੀਓ)

ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨਜੀਤ ਸਿੰਘ ਦਾ ਜੁੱਤੀਆਂ ਦਾ ਸ਼ੋਅਰੂਮ ਸੀ ਅਤੇ ਇਸ ਦੇ ਨਾਲ ਹੀ ਉਹ ਵੱਡੇ ਪੱਧਰ ‘ਤੇ ਮਨੀ ਐਕਸਚੇਂਜ ਦਾ ਕਾਰੋਬਾਰ ਵੀ ਕਰਦਾ ਸੀ। ਉਨ੍ਹਾਂ ਦਾ ਰੋਜ਼ਾਨਾ ਲੱਖਾਂ ਰੁਪਏ ਦਾ ਲੈਣ ਦੇਣ ਹੁੰਦਾ ਸੀ। ਕੁਝ ਮਹੀਨੇ ਪਹਿਲਾਂ ਮੁਲਜ਼ਮ ਜੋਬਨਜੀਤ ਸਿੰਘ ਉਸ ਦੀ ਦੁਕਾਨ ’ਤੇ ਅਮਰੀਕਨ ਅਤੇ ਕੈਨੇਡੀਅਨ ਕਰੰਸੀ ਦਾ ਰੇਟ ਪਤਾ ਕਰਨ ਲਈ ਗਿਆ ਸੀ। ਮੁਲਜ਼ਮ ਜਦੋਂ ਦੁਕਾਨ ਦੇ ਅੰਦਰ ਗਏ ਤਾਂ ਮਨਜੀਤ ਸਿੰਘ ਕਾਊਂਟਰ ’ਤੇ ਬੈਠਾ ਸੀ ਅਤੇ ਟੇਬਲ ’ਤੇ ਲੱਖਾਂ ਰੁਪਏ ਦੀ ਨਕਦੀ ਪਈ ਸੀ। ਇੰਨਾ ਕੈਸ਼ ਦੇਖ ਕੇ ਮੁਲਜ਼ਮਾਂ ਦੀ ਨੀਅਤ ਵਿਚ ਖੋਟ ਆ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਮਨਜੀਤ ਸਿੰਘ ਨੂੰ ਲੁੱਟਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਪੂਰੀ ਯੋਜਨਾ ਬਣਾਉਣ ਤੋਂ ਬਾਅਦ ਮੁਲਜ਼ਮਾਂ ਨੇ 11 ਅਪ੍ਰੈਲ ਨੂੰ ਮਨਜੀਤ ਸਿੰਘ ਦਾ ਪਿੱਛਾ ਕੀਤਾ ਅਤੇ ਰਸਤੇ ਵਿਚ ਰੋਕ ਕੇ ਲੁੱਟ ਤੋਂ ਬਾਅਦ ਸੂਏ ਮਾਰ ਕੇ ਮਨਜੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਕੈਸ਼ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਐਕਟਿਵਾ ਕੁਝ ਦੂਰ ਖੜ੍ਹੀ ਕੀਤੀ ਅਤੇ ਉਸ ਤੋਂ ਬਾਅਦ ਸਵਿਫਟ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ ਸਨ। ਸਵਿਫਟ ਕੁਲਦੀਪ ਕੌਰ ਚਲਾ ਰਹੀ ਸੀ। ਜਾਂਚ ਤੋਂ ਬਾਅਦ ਪੁਲਸ ਨੇ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ, ਜਦੋਂਕਿ ਤੀਜਾ ਅਤੇ ਮੁੱਖ ਮੁਲਜ਼ਮ ਜੋਬਨਜੀਤ ਸਿੰਘ ਫਰਾਰ ਹੈ। ਪੁਲਸ ਉਸ ਨੂੰ ਫੜਨ ਲਈ ਦਿੱਲੀ ਤੱਕ ਪੁੱਜ ਗਈ ਸੀ ਪਰ ਉਸ ਨੂੰ ਭਿਣਕ ਲੱਗ ਗਈ ਅਤੇ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਪਤਨੀ ਦੀ ਪ੍ਰੈੱਗਨੈਂਸੀ ਰਿਪੋਰਟ ਦੇਖ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਵੀਡੀਓ ਬਣਾ ਕਰ ਲਈ ਖ਼ੁਦਕੁਸ਼ੀ

ਗੁਰਦਾਸਪੁਰ ਛੱਡ ਰਿਹਾ ਲੁਧਿਆਣਾ ’ਚ, ਦੋ ਮਹੀਨੇ ਤੱਕ ਕਰਦਾ ਰਿਹਾ ਰੇਕੀ

ਸੀ. ਪੀ. ਸਿੱਧੂ ਨੇ ਦੱਸਿਆ ਕਿ ਮੁਲਜ਼ਮ ਲੁੱਟ ਨੂੰ ਅੰਜਾਮ ਦੇਣ ਲਈ ਦੋ ਮਹੀਨੇ ਤੋਂ ਪਲਾਨਿੰਗ ਕਰ ਰਹੇ ਸਨ। ਇਹ ਪਲਾਨਿੰਗ ਜੋਬਨਜੀਤ ਸਿੰਘ ਨੇ ਹੀ ਬਣਾਈ ਸੀ। ਉਹ 16 ਫਰਵਰੀ ਨੂੰ ਗੁਰਦਾਸਪੁਰ ਛੱਡ ਕੇ ਲੁਧਿਆਣਾ ਆਇਆ ਸੀ ਅਤੇ ਰੇਲਵੇ ਸਟੇਸ਼ਨ ਦੇ ਕੋਲ ਹੋਟਲ ਵਿਚ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਕਰੀਬ ਦੋ ਮਹੀਨੇ ਤੋਂ ਉਹ ਮਨਜੀਤ ਸਿੰਘ ਦੀ ਰੇਕੀ ਕਰ ਰਿਹਾ ਸੀ ਕਿ ਮਨਜੀਤ ਸਿੰਘ ਕਿੰਨੇ ਵਜੇ ਘਰੋਂ ਨਿਕਲਦਾ ਹੈ, ਕਦੋਂ ਦੁਕਾਨ ’ਤੇ ਪੁੱਜਦਾ ਹੈ, ਕਿੰਨੇ ਵਜੇ ਦੁਕਾਨ ਤੋਂ ਨਿਕਲਦਾ ਹੈ ਅਤੇ ਘਰ ਕਦੋਂ ਪੁੱਜਦਾ ਹੈ। ਉਹ ਆਉਣ-ਜਾਣ ਵਿਚ ਕਿਹੜੇ ਵਾਹਨ ਦੀ ਵਰਤੋਂ ਕਰਦਾ ਹੈ। ਉਸ ਦੇ ਨਾਲ ਕੋਈ ਹੁੰਦਾ ਹੈ ਜਾਂ ਉਹ ਇਕੱਲਾ ਹੀ ਘਰ ਆਉਂਦਾ-ਜਾਂਦਾ ਹੈ। ਉਸ ਨੂੰ ਇਹ ਵੀ ਪਤਾ ਲਗ ਗਿਆ ਸੀ ਕਿ ਮਨਜੀਤ ਤਕਰੀਬਨ ਸਕੂਟਰ ਦੀ ਵਰਤੋਂ ਕਰਦਾ ਹੈ ਅਤੇ ਕੈਸ਼ ਵੀ ਸਕੂਟਰ ’ਤੇ ਹੀ ਲੈ ਕੇ ਆਉਂਦਾ-ਜਾਂਦਾ ਹੈ। ਉਸ ਨੇ ਦੋ ਮਹੀਨੇ ਵਿਚ ਸਭ ਕੁਝ ਪਤਾ ਲਗਾ ਲਿਆ ਸੀ।

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਵੀਡੀਓ ’ਚ ਦੇਖੋ ਕੀ ਬੋਲਿਆ

ਵਾਰਦਾਤ ਲਈ ਐਕਟਿਵਾ ਚੋਰੀ ਕੀਤੀ ਤੇ ਗੁਆਂਢੀ ਦੀ ਸਵਿਫਟ ਗੱਡੀ ਦੀ ਵਰਤੋਂ ਕੀਤੀ

ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਪੂਰੀ ਪਲਾਨਿੰਗ ਕਰਨ ਤੋਂ ਬਾਅਦ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਡਵੀਜ਼ਨ ਨੰ.3 ਦੇ ਇਲਾਕੇ ਤੋਂ ਐਕਟਿਵਾ ਚੋਰੀ ਕੀਤੀ ਸੀ ਅਤੇ ਚੋਰੀਸ਼ੁਦਾ ਐਕਟਿਵਾ ’ਤੇ ਹੀ ਵਾਰਦਾਤ ਕਰਨ ਦਾ ਪਲਾਨ ਬਣਾਇਆ ਸੀ। ਇਸ ਵਾਰਦਾਤ ਵਿਚ ਇਕ ਸਵਿਫਟ ਕਾਰ ਦੀ ਵੀ ਵਰਤੋਂ ਹੋਈ ਸੀ। ਜੋ ਮੁਲਜ਼ਮ ਕੁਲਦੀਪ ਕੌਰ ਦੇ ਗੁਆਂਢੀ ਦੀ ਸੀ। ਉਸ ਨੇ ਆਪਣੇ ਗੁਆਂਢੀ ਤੋਂ ਸਵਿਫਟ ਕਾਰ ਮੰਗੀ ਸੀ। ਉਸ ਕਾਰ ਦੀ ਵਰਤੋਂ ਮੁਲਜ਼ਮਾਂ ਨੇ ਵਾਰਦਾਤ ਵਿਚ ਕੀਤੀ।

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ

ਕੁਝ ਘੰਟਿਆਂ ਬਾਅਦ ਮਿਲੀ ਸੀ ਐਕਟਿਵਾ, ਕਾਰ ਦੇ ਨੰਬਰ ਤੋਂ ਮੁਲਜ਼ਮਾਂ ਤੱਕ ਪੁੱਜੀ ਪੁਲਸ

ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਐਕਟਿਵਾ ਨੂੰ ਕੁਝ ਹੀ ਦੂਰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਪਹਿਲਾਂ ਹੀ ਸਵਿਫਟ ਕਾਰ ਲੈ ਕੇ ਖੜ੍ਹੀ ਕੁਲਦੀਪ ਕੌਰ ਦੇ ਨਾਲ ਮੁਲਜ਼ਮ ਫਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਵਿਚ ਪੁਲਸ ਨੂੰ ਕੁਝ ਹੀ ਘੰਟਿਆਂ ਵਿਚ ਐਕਟਿਵਾ ਮਿਲ ਗਈ ਸੀ। ਜਦੋਂ ਜਾਂਚ ਹੋਈ ਤਾਂ ਪਤਾ ਲੱਗਾ ਕਿ ਐਕਟਿਵਾ ਚੋਰੀ ਦੀ ਹੈ ਜੋ ਥਾਣਾ 3 ਦੇ ਇਲਾਕੇ ਤੋਂ ਚੋਰੀ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਵਾਰਦਾਤ ਵਾਲੀ ਜਗ੍ਹਾ ਤੋਂ ਸਾਰੇ ਸੀ. ਸੀ. ਟੀ. ਵੀ. ਚੈੱਕ ਕਰਨੇ ਸ਼ੁਰੂ ਕੀਤੇ। ਪੁਲਸ ਨੂੰ ਇਕ ਫੁਟੇਜ ਵਿਚ ਮੁਲਜ਼ਮ ਦਾ ਚਿਹਰਾ ਮਿਲਿਆ ਅਤੇ ਦੂਜੀ ਫੁਟੇਜ ਵਿਚ ਪੁਲਸ ਨੂੰ ਸਵਿਫਟ ਕਾਰ ਦਾ ਨੰਬਰ ਮਿਲ ਗਿਆ ਸੀ, ਜੋ ਮੁਲਜ਼ਮਾਂ ਨੇ ਬਦਲਿਆ ਨਹੀਂ ਸੀ, ਜੋ ਜਗਰਾਓਂ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ ਦੇ ਨਾਮ ’ਤੇ ਸੀ। ਪੁਲਸ ਉਸ ਦੇ ਘਰ ਪੁੱਜੀ ਅਤੇ ਉਸ ਨੂੰ ਹਿਰਾਸਤ ਵਿਚ ਲਿਆ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ 10 ਅਪ੍ਰੈਲ ਨੂੰ ਕੁਲਦੀਪ ਕੌਰ ਉਸ ਦੀ ਗੱਡੀ ਮੰਗ ਕੇ ਲੈ ਗਈ ਸੀ ਜਿਸ ਤੋਂ ਬਾਅਦ ਪੁਲਸ ਦੇ ਹੱਥ ਵੱਡੀ ਲੀਡ ਲੱਗੀ ਅਤੇ ਪੁਲਸ ਨੇ ਕੇਸ ਹੱਲ ਕਰ ਲਿਆ।

ਇਹ ਵੀ ਪੜ੍ਹੋ : ਮਿਲਟਰੀ ਸਟੇਸ਼ਨ ’ਚ ਹੋਈ ਗੋਲ਼ੀਬਾਰੀ ਤੋਂ ਬਾਅਦ ਬਠਿੰਡਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ

ਕੁਲਦੀਪ ਕੌਰ, ਮੁਲਜ਼ਮ ਜੋਬਨ ਦੀ ਪਹਿਲੀ ਪਤਨੀ, ਨੇਵੀ ਵਿਚ ਕੰਮ ਕਰਦਾ ਸੀ ਜੋਬਨ

ਪੁਲਸ ਨੇ ਦੱਸਿਆ ਕਿ ਮੁਲਜ਼ਮ ਜੋਬਨਜੀਤ ਸਿੰਘ ਅਤੇ ਕੁਲਦੀਪ ਕੌਰ ਦੋਵੇਂ ਪਤੀ ਪਤਨੀ ਸਨ ਪਰ ਆਪਸੀ ਝਗੜੇ ਤੋਂ ਬਾਅਦ ਦੋਵੇਂ ਵੱਖਰੇ ਹੋ ਗਏ ਸਨ। ਕੁਲਦੀਪ ਕੌਰ ਦਾ ਤੀਜਾ ਵਿਆਹ ਸੀ ਜਦੋਂਕਿ ਜੋਬਨਜੀਤ ਦਾ ਦੂਜਾ। ਜੋਬਨਜੀਤ ਪਹਿਲਾਂ ਮਰਚੈਂਟ ਨੇਵੀ ਵਿਚ ਪੋਸਟਿਡ ਸੀ। ਉਸ ਦੀਆਂ ਗਲਤ ਹਰਕਤਾਂ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜੋਬਨ ਨੇ ਵੈਲੇ ਪਾਰਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਜੋਬਨ ਅਤੇ ਕੁਲਦੀਪ ਕੌਰ ਖ਼ਿਲਾਫ ਮੁਕੱਦਮਾ ਵੀ ਦਰਜ ਹੈ। ਦੋਵੇਂ ਜੇਲ੍ਹ ਵੀ ਜਾ ਚੁੱਕੇ ਹਨ। ਜੋਬਨਜੀਤ ਨੇ ਇਹ ਪਲਾਨਿੰਗ ਬਣਾਈ ਤਾਂ ਉਸ ਨੇ ਆਪਣੀ ਸਾਬਕਾ ਪਤਨੀ ਨੂੰ ਇਸ ਵਿਚ ਸ਼ਾਮਲ ਕਰ ਲਿਆ ਅਤੇ ਕੁਲਦੀਪ ਕੌਰ ਨੇ ਮਨਦੀਪ ਸਿੰਘ ਨੂੰ ਨਾਲ ਮਿਲਾ ਲਿਆ ਸੀ।

ਡੀ. ਜੀ. ਪੀ. ਨੇ ਟੀਮ ਨੂੰ ਪੰਜ ਲੱਖ ਇਨਾਮ ਦੇਣ ਦਾ ਐਲਾਨ ਕੀਤਾ

ਸੀ. ਪੀ. ਸਿੱਧੂ ਨੇ ਕੇਸ ਹੱਲ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਅਤੇ ਬਹੁਤ ਘੱਟ ਸਮੇਂ ਵਿਚ ਮੁਲਜ਼ਮਾਂ ਤੱਕ ਪੁੱਜ ਗਈ। ਉਨ੍ਹਾਂ ਕਿਹਾ ਕਿ ਇਸ ਪੁਲਸ ਟੀਮ ਦਾ ਹੌਂਸਲਾ ਵਧਾਉਣ ਲਈ ਡੀ. ਜੀ. ਪੀ. ਗੌਰਵ ਯਾਦਵ ਨੇ ਲੁਧਿਆਣਾ ਦੀ ਪੁਲਸ ਟੀਮ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News