ਮਨੀ ਚੇਂਜਰ ਦੇ ਕਰਿੰਦੇ ਤੋਂ 45 ਲੱਖ ਤੋਂ ਜ਼ਿਆਦਾ ਰੁਪਏ ਦੀ ਹੋਈ ਲੁੱਟ-ਖੋਹ ਦਾ ਮਾਮਲਾ ਬਣਿਆ ਵੱਡੀ ਪਹੇਲੀ?

Sunday, Dec 26, 2021 - 02:02 AM (IST)

ਫਗਵਾੜਾ (ਜਲੋਟਾ,ਵਿਕਰਮ)– ਫਗਵਾੜਾ ਚ ਅੱਜ ਸ਼ਾਮ ਚੰਡੀਗੜ੍ਹ ਨਾਲ ਸਬੰਧਤ ਇਕ ਮਨੀ ਚੇਂਜਰ ਦੇ ਕਰਿੰਦੇ ਨੂੰ ਕਾਰ ਸਵਾਰ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਅਗਵਾ ਕਰਨ ਤੋਂ ਬਾਅਦ ਉਸ ਪਾਸਿਓਂ ਲੱਖਾਂ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਦੇਰ ਰਾਤ ਤਕ ਵੱਡੀ ਬੁਝਾਰਤ ਬਣਿਆ ਹੋਇਆ ਹੈ।

PunjabKesari

ਲੁੱਟ-ਖੋਹ ਦਾ ਸ਼ਿਕਾਰ ਬਣਿਆ ਕਰਿੰਦਾ, ਜਿਸ ਦੀ ਪਛਾਣ ਸ਼ੰਕਰ ਦੱਸੀ ਜਾ ਰਹੀ ਹੈ, ਵੱਲੋਂ ਸਨਸਨੀਖੇਜ਼ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਕਾਰ ਸਵਾਰ 3 ਵਿਅਕਤੀਆਂ ਨੇ ਸਥਾਨਕ ਗੋਲ ’ਚੋਂ ਪਿਸਤੌਲ ਦੀ ਨੋਕ ’ਤੇ ਅਗਵਾ ਕਰਨ ਤੋਂ ਬਾਅਦ ਉਸ ਪਾਸ ਮੌਜੂਦ 45 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਲੁੱਟੀ ਹੈ। ਉੱਥੇ ਮਾਮਲੇ ਨੂੰ ਲੈ ਕੇ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਸ ਸਾਰੇ ਮਾਮਲੇ ਦੀ ਹਰ ਪੱਖੋਂ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀ ਚੇਂਜਰ ਦੇ ਕਰਿੰਦੇ ਨੂੰ ਅਗਵਾਹ ਕਰਨ ਵਾਲਿਆਂ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅਗਵਾ ਕੀਤੇ ਗਏ ਕਰਿੰਦੇ ਜਿਸ ਦੀ ਪਛਾਣ ਸ਼ੰਕਰ ਵਜੋਂ ਹੈ ਨੂੰ ਵੀ ਲੱਭ ਲਿਆ ਗਿਆ ਹੈ ਅਤੇ ਪੁਲਸ ਸਾਰੇ ਮਾਮਲੇ ਸਬੰਧੀ ਉਸ ਤੋਂ ਜਾਣਕਾਰੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਰਿੰਦੇ ਵੱਲੋਂ 45 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਦੀ ਦੱਸੀ ਜਾ ਰਹੀ ਲੁੱਟ-ਖੋਹ ਸਬੰਧੀ ਪੁਲਸ ਵੱਲੋਂ ਤੱਥਾਂ ਨੂੰ ਆਧਾਰ ਬਣਾ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੁੱਟ ਹੋਈ ਹੈ ਜਾਂ ਨਹੀਂ ਇਸ ਦੀ ਸੱਚਾਈ ਪੁਲਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਪਵੇਗੀ। ਇਕ ਸਵਾਲ ਦੇ ਜਵਾਬ ’ਚ ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਮਾਮਲੇ ’ਚ ਕਈ ਹੋਰ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News