ਫਲਾਇੰਗ ਲੈਫਟੀਨੈਂਟ ਮੋਹਿਤ ਗਰਗ ਦੇ ਪਿਤਾ ਅਤੇ ਚਾਚਾ ਜੋਰਹਾਟ ਤੋਂ ਵਾਪਸ ਸਮਾਣਾ ਪੁੱਜੇ
Saturday, Jun 15, 2019 - 09:42 AM (IST)
ਸਮਾਣਾ (ਦਰਦ)—ਭਾਰਤੀ ਹਵਾਈ ਸੈਨਾ ਦੇ ਹਾਦਸਾਗ੍ਰਸਤ ਹੋਏ ਜਹਾਜ਼ ਏ. ਐੈੱਨ. 32 ਦੇ ਸਾਰੇ 13 ਜਵਾਨਾਂ ਦੀ ਮੌਤ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਿਲਣ ਦੇ ਹਵਾਈ ਸੈਨਾ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਫਲਾਇੰਗ ਲੈਫਟੀਨੈਂਟ ਸਮਾਣਾ ਦੇ ਮੋਹਿਤ ਗਰਗ ਦੇ ਪਿਤਾ ਸੁਰਿੰਦਰ ਗਰਗ ਅਤੇ ਚਾਚਾ ਰਿਸ਼ੀ ਪਾਲ ਗਰਗ ਜੋਰਹਾਟ ਤੋਂ ਸ਼ੁੱਕਰਵਾਰ ਸਮਾਣਾ ਵਾਪਸ ਪਹੁੰਚ ਗਏ। ਲਾਸ਼ ਦੇ ਨਾਲ ਆਉਣ ਲਈ ਉਸ ਦੀ ਪਤਨੀ ਅਤੇ ਸਹੁਰਾ ਹੁਣ ਵੀ ਜੋਰਹਾਟ ਵਿਚ ਹੀ ਰੁਕੇ ਹਨ। ਸੂਚਨਾ ਮਿਲਣ 'ਤੇ ਰਿਸ਼ਤੇਦਾਰ, ਦੋਸਤ ਅਤੇ ਸ਼ੋਕ ਪ੍ਰਗਟ ਕਰਨ ਲਈ ਆਉਣ ਵਾਲੇ ਨਗਰ ਨਿਵਾਸੀਆਂ ਦਾ ਦਿਨ ਭਰ ਉਨ੍ਹਾਂ ਦੇ ਨਿਵਾਸ 'ਤੇ ਤਾਂਤਾ ਲੱਗਾ ਰਿਹਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਤਾ ਸੁਰਿੰਦਰ ਗਰਗ ਨੇ ਦੇਸ਼ ਦੀ ਸੇਵਾ ਲਈ ਆਪਣਾ ਫਰਜ਼ ਨਿਭਾਉਣ ਵਾਲੇ ਬੇਟੇ ਮੋਹਿਤ 'ਤੇ ਫਖਰ ਕਰਦੇ ਹੋਏ ਉਸ ਨੂੰ ਸ਼ਹੀਦ ਦੱਸਿਆ। ਇੰਫਾਲ ਜਾਣ ਲਈ ਤਿਆਰ ਹੋ ਕੇ ਆਏ ਮੋਹਿਤ ਨੂੰ ਮੌਤ ਖਿੱਚ ਕੇ ਲੈ ਗਈ ਏ. ਐੈੱਨ-32 ਵਿਚ। ਸੁਰਿੰਦਰ ਗਰਗ ਨੇ ਅਧਿਕਾਰਆਂ ਵੱਲੋਂ ਉਨ੍ਹਾਂ ਨੂੰ ਦਿੱਤੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 3 ਜੂਨ ਦੀ ਸਵੇਰ ਉਨ੍ਹਾਂ ਦਾ ਬੇਟਾ ਮੋਹਿਤ ਇੰਫਾਲ ਜਾਣ ਲਈ ਆਪਣੇ ਘਰੋਂ ਤਿਆਰ ਹੋ ਕੇ ਆਇਆ ਸੀ। ਏ. ਐੈੱਨ. 32 ਜਹਾਜ਼ ਵਿਚ ਉਡਾਣ ਭਰਨ ਵਾਲੇ ਫਲਾਇੰਗ ਲੈਫਟੀਨੈਂਟ ਨੂੰ ਪਹੁੰਚਣ ਵਿਚ ਕੁਝ ਦੇਰੀ ਹੋ ਜਾਣ ਕਾਰਨ ਅਧਿਕਾਰੀਆਂ ਵੱਲੋਂ ਉਥੇ ਮੌਜੂਦ ਮੋਹਿਤ ਨੂੰ ਇਸ ਜਹਾਜ਼ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ 12500 ਫੁੱਟ ਦੀ ਉਚਾਈ 'ਤੇ ਜਿਸ ਪਹਾੜੀ ਵਿਚ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਦੀ ਉਚਾਈ ਪਾਰ ਕਰਨ ਵਿਚ 500 ਮੀਟਰ ਦੂਰ ਸੀ। ਇਸ ਨੂੰ ਕੇਵਲ 20 ਸੈਕੰਡ ਦਾ ਸਮਾਂ ਲੱਗਣਾ ਸੀ। ਇਸੇ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਸੁਰਿੰਦਰ ਗਰਗ ਨੇ ਦੱਸਿਆ ਕਿ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਜਗ੍ਹਾ ਮੌਸਮ ਬਹੁਤ ਖਰਾਬ ਹੋਣ ਕਾਰਨ ਲਾਸ਼ਾਂ ਨੂੰ ਉੱਪਰ ਕੈਂਪ ਵਿਚ ਲਿਆਉਣ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਸ਼ਨੀਵਾਰ ਸ਼ਾਮ ਤੱਕ ਹਵਾਈ ਸੈਨਾ ਵੱਲੋਂ ਮੋਹਿਤ ਦੀ ਲਾਸ਼ ਸੰਸਕਾਰ ਲਈ ਸਮਾਣਾ ਲਿਆਉਣ ਦੀ ਸੰਭਾਵਨਾ ਪ੍ਰਗਟਾਈ।