ਸਾਬਕਾ ਸੰਸਦ ਮੈਂਬਰ ਮੋਹਨ ਫਲੀਆਂਵਾਲਾ ਕੈਪਟਨ ਦੀ ਮੌਜੂਦਗੀ ''ਚ ਕਾਂਗਰਸ ''ਚ ਸ਼ਾਮਲ
Sunday, Mar 31, 2019 - 09:54 AM (IST)

ਜਲੰਧਰ (ਧਵਨ) - ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲੀਆਂਵਾਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ । ਦੱਸ ਦੇਈਏ ਕਿ ਫਲੀਆਂਵਾਲਾ ਨੇ 1992 ਤੋਂ 1996 ਤਕ ਫਿਰੋਜ਼ਪੁਰ ਦੀ ਨੁਮਾਇੰਦਗੀ ਕੀਤੀ ਸੀ ਅਤੇ ਸਭ ਤੋਂ ਪਹਿਲਾਂ ਉਹ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਪੰਜਾਬ ਵਿਧਾਨ ਸਭਾ ਦੀਆਂ 2017 ਹੋਈਆਂ ਆਮ ਚੋਣਾਂ ਤੋਂ ਪਹਿਲਾਂ 'ਆਪ' 'ਚ ਸ਼ਾਮਲ ਹੋ ਗਏ ਸਨ। ਫਲੀਆਂਵਾਲਾ 1986 ਤੋਂ 2002 ਤਕ ਪੰਜਾਬ 'ਚ ਬਸਪਾ ਦੇ ਸੂਬਾ ਪ੍ਰਧਾਨ ਵੀ ਰਹੇ।
ਫਲੀਆਂਵਾਲਾ ਨੇ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਮਜ਼ਬੂਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਥਾਂ ਵਿਚ ਪੰਜਾਬ ਤੇ ਦੇਸ਼ ਦਾ ਭਵਿੱਖ ਸੁਰੱਖਿਅਤ ਹੈ। ਫਲੀਆਂਵਾਲਾ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ 'ਚ ਕੈਬਨਿਟ ਮੰਤਰੀ ਰਾਣਾ ਸੋਢੀ ਦਾ ਵੀ ਯੋਗਦਾਨ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਨੇ ਮਿਸ਼ਨ 13 ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਅੱਗੇ ਵਧਾਇਆ ਹੈ। ਹੁਣ ਸਾਰੇ ਆਗੂਆਂ ਦਾ ਝੁਕਾਅ ਕਾਂਗਰਸ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ ਹੈ ਜਦ ਕਿ ਹੋਰ ਪਾਰਟੀਆਂ ਸਿਰਫ ਜੁਮਲੇਬਾਜ਼ੀ ਵਿਚ ਹੀ ਫਸੀਆਂ ਹੋਈਆਂ ਹਨ।