ਗੰਦੇ ਤੇ ਬਦਬੂਦਾਰ ਪਾਣੀ ਤੋਂ ਮੁਹੱਲਾ ਵਾਸੀ ਕੀਤੇ ਪ੍ਰੇਸ਼ਾਨ

Friday, Sep 08, 2017 - 01:27 PM (IST)

ਗੰਦੇ ਤੇ ਬਦਬੂਦਾਰ ਪਾਣੀ ਤੋਂ ਮੁਹੱਲਾ ਵਾਸੀ ਕੀਤੇ ਪ੍ਰੇਸ਼ਾਨ


ਕੋਟਕਪੂਰਾ (ਨਰਿੰਦਰ) - ਭਾਵੇਂ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੇ ਲੋਕ ਵਾਟਰ ਵਰਕਸ ਦੇ ਆ ਰਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ ਪਰ ਸ਼ਹਿਰ ਦੇ ਇਲਾਕਾ ਪ੍ਰੇਮ ਨਗਰ ਦੇ ਲੋਕਾਂ ਨੂੰ ਤਾਂ ਬੀਤੇ 4-5 ਦਿਨਾਂ ਤੋਂ ਲਗਾਤਾਰ ਇਸ ਪ੍ਰੇਸ਼ਾਨੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਭਾਵੇਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਹੱਲ ਇਕ-ਦੋ ਦਿਨਾਂ 'ਚ ਆਪਣੇ-ਆਪ ਹੋ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਲੋਕਾਂ ਨੂੰ ਇਹ ਸਮੱਸਿਆ ਜਲਦੀ ਹੱਲ ਹੁੰਦੀ ਪ੍ਰਤੀਤ ਨਹੀਂ ਹੁੰਦੀ। 
ਮੁਹੱਲਾ ਵਾਸੀ ਕੁਲਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਸਭਾ, ਰਾਮ ਚੰਦ ਕਟਾਰੀਆ, ਨਰਿੰਦਰ, ਹੇਮ ਰਾਜ, ਮੋਹਨ ਲਾਲ, ਰਵਿੰਦਰ ਕੁਮਾਰ ਖਿੱਚੀ, ਸੁਰਿੰਦਰ ਕੁਮਾਰ, ਵਿਨੋਦ ਕੁਮਾਰ ਟੋਨੀ ਤੇ ਭਾਗੀ ਰਾਮ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਟੂਟੀਆਂ 'ਚ ਕਾਲੇ ਰੰਗ ਦਾ ਬਹੁਤ ਹੀ ਗੰਦਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਣੀ 'ਚੋਂ ਆਉਂਦੀ ਭਾਰੀ ਬਦਬੂ ਕਾਰਨ ਇਸ ਪਾਣੀ ਦੀ ਵਰਤੋਂ ਪੀਣ, ਕੱਪੜੇ ਧੋਣ ਜਾਂ ਕਿਸੇ ਹੋਰ ਕੰਮ ਲਈ ਨਹੀਂ ਕੀਤੀ ਜਾ ਸਕਦੀ। ਇਸ ਸਬੰਧ 'ਚ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਜਾ ਚੁੱਕਾ ਹੈ ਤੇ ਕਈ ਵਾਰ ਸੀਵਰੇਜ ਅਤੇ ਵਾਟਰ ਵਰਕਸ ਦਾ ਕੰਮ ਸੰਭਾਲ ਰਹੀ ਨਿੱਜੀ ਕੰਪਨੀ ਦੇ ਅਧਿਕਾਰੀ ਮੁਆਇਨਾ ਕਰ ਕੇ ਗਏ ਹਨ ਪਰ ਭਰੋਸੇ ਤੋਂ ਇਲਾਵਾ ਉਨ੍ਹਾਂ ਦੇ ਪੱਲੇ ਅਜੇ ਤੱਕ ਕੁਝ ਨਹੀਂ ਪਿਆ।

ਕਾਲੇ ਪੀਲੀਏ ਤੋਂ ਪ੍ਰੇਸ਼ਾਨ ਲੋਕ
ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਪ੍ਰੇਮ ਨਗਰ ਵਾਸੀ ਪਹਿਲਾਂ ਹੀ ਕਾਲੇ ਪੀਲੀਏ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ ਕਿਉਂਕਿ ਮੁਹੱਲੇ ਵਿਚ ਵੱਡੀ ਗਿਣਤੀ 'ਚ ਲੋਕ ਕਾਲੇ ਪੀਲੀਏ ਤੋਂ ਪੀੜਤ ਹਨ, ਜਿਨ੍ਹਾਂ ਦਾ ਇਲਾਜ ਵੱਖ-ਵੱਖ ਥਾਵਾਂ ਤੋਂ ਕਰਵਾਇਆ ਜਾ ਰਿਹਾ ਹੈ। ਮੁਹੱਲੇ 'ਚ ਗੰਦਾ ਪਾਣੀ ਆਉਣ ਕਾਰਨ ਇਸ ਬੀਮਾਰੀ ਦੇ ਘੱਟ ਹੋਣ ਦੀ ਬਜਾਏ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਮੂਹ ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਹੈ ਕਿ ਮੁਹੱਲਾ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦੀ ਮੁੱਖ ਲੋੜ ਪਾਣੀ ਦੀ ਸਾਫ਼-ਸੁਥਰੀ ਸਪਲਾਈ ਯਕੀਨੀ ਬਣਾਈ ਜਾਵੇ।


Related News