ਯਾਤਰੀਆਂ ਨੂੰ ਦੀਵਾਲੀ ਦਾ ਤੋਹਫ਼ਾ, ਮੋਹਾਲੀ ਸਟੇਸ਼ਨ ’ਤੇ ਦੇਖਣ ਨੂੰ ਮਿਲੇਗੀ ਸੱਭਿਆਚਾਰ ਦੀ ਝਲਕ

Tuesday, Oct 15, 2024 - 12:04 PM (IST)

ਚੰਡੀਗੜ੍ਹ (ਲਲਨ) : ਰੇਲਵੇ ਬੋਰਡ ਦੀਵਾਲੀ ਮੌਕੇ ਯਾਤਰੀਆਂ ਨੂੰ ਤੋਹਫ਼ਾ ਦੇਣ ਜਾ ਰਿਹਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਮੁੜ ਵਿਕਸਤ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਟੇਸ਼ਨ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਸਟੇਸ਼ਨ ’ਤੇ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਲਈ ਰੇਲਵੇ ਲਗਭਗ 28.20 ਕਰੋੜ ਰੁਪਏ ਖ਼ਰਚ ਕਰ ਰਿਹਾ ਹੈ। ਔਰਤਾਂ ਤੇ ਦਿਵਿਆਂਗ ਯਾਤਰੀਆਂ ਦੀ ਸਹੂਲਤ ਵੱਲ ਵੀ ਧਿਆਨ ਦਿੱਤਾ ਜਾਵੇਗਾ। ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ ਪੰਜਾਬੀ ਸੱਭਿਆਚਾਰ ਅਤੇ ਸ਼ਹੀਦਾਂ ਦੇ ਯਾਦਗਾਰੀ ਚਿੰਨ੍ਹ ਲਾਏ ਗਏ ਹਨ। ਸਟੇਸ਼ਨ ਦੇ ਪਲੇਟਫਾਰਮ ਦੀ ਲੰਬਾਈ ਵੀ ਵਧਾ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਦੋ ਪਲੇਟਫਾਰਮ ਤਿਆਰ ਕੀਤੇ ਗਏ ਹਨ ਤੇ ਇਸ ਦੀ ਲੰਬਾਈ ਵਧਾ ਕੇ 600 ਮੀਟਰ ਕਰ ਦਿੱਤੀ ਗਈ ਹੈ। ਇਕ ਵਾਧੂ ਲਾਈਨ ਵੀ ਬਣਾਈ ਗਈ ਹੈ, ਤਾਂ ਜੋ ਟਰੇਨਾਂ ਦੇ ਲੰਘਣ 'ਤੇ ਆਉਣ-ਜਾਣ ਦੌਰਾਨ ਕੋਈ ਸਮੱਸਿਆ ਨਾ ਆਵੇ। ਨਾਲ ਹੀ ਤਿੰਨ ਲਿਫਟਾਂ ਤੇ ਦੋਵਾਂ ਪਲੇਟਫਾਰਮਾਂ ’ਤੇ ਐਸਕੇਲੇਟਰ ਵੀ ਲਾਏ ਜਾਣਗੇ, ਤਾਂ ਜੋ ਯਾਤਰੀ ਆਸਾਨੀ ਨਾਲ ਪਲੇਟਫਾਰਮ ਨੰਬਰ 1 ਤੇ 2 ’ਤੇ ਜਾ ਸਕਣ।
ਫੂਡ ਕੋਰਟ, ਫੂਡ ਪਲਾਜ਼ਾ, ਐਸਕੇਲੇਟਰ, ਉਡੀਕ ਕਮਰੇ ਹੋਣਗੇ
ਮੋਹਾਲੀ ਸਟੇਸ਼ਨ ਨੂੰ ਸੁੰਦਰ ਤੇ ਵਿਸ਼ਵ ਪੱਧਰੀ ਬਣਾਉਣ ਦੇ ਨਾਲ-ਨਾਲ ਫੂਡ ਕੋਰਟ, ਫੂਡ ਪਲਾਜ਼ਾ, ਐਸਕੇਲੇਟਰ, ਮਾਡਿਊਲਰ ਉਡੀਕ ਕਮਰੇ, ਏ. ਟੀ. ਐੱਮ. ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਉਡੀਕ ਕਮਰਿਆਂ ਦੇ ਨਾਲ-ਨਾਲ ਵਧੀਆ ਕੈਫੇਟੇਰੀਆ ਦੀਆਂ ਸਹੂਲਤਾਂ ਵੀ ਜੋੜੀਆਂ ਗਈਆਂ ਹਨ। ਉਡੀਕ ਕਮਰੇ ਨੂੰ ਛੋਟੇ ਭਾਗਾਂ ’ਚ ਸ਼੍ਰੇਣੀਬੱਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਾਰਜਕਾਰੀ ਲੌਂਜ ਤੇ ਛੋਟੀਆਂ ਬਿਜ਼ਨੈੱਸ ਮੀਟਿੰਗਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਸਟੇਸ਼ਨ ’ਤੇ ਔਰਤਾਂ ਤੇ ਦਿਵਿਆਂਗਾਂ ਲਈ ਵਿਸ਼ੇਸ਼ ਸਹੂਲਤ
ਔਰਤਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਟਾਇਲਟ ਅਜਿਹੀ ਜਗ੍ਹਾ ’ਤੇ ਬਣਾਏ ਗਏ ਹਨ ਕਿ ਸਟੇਸ਼ਨ ’ਤੇ ਆਸਾਨੀ ਨਾਲ ਦਿਖਾਈ ਦੇ ਜਾਂਦੇ ਹਨ। ਨਾਲ ਹੀ ਯਾਤਰੀਆਂ ਨੂੰ ਕਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਮੁਫ਼ਤ ਵਾਈ-ਫਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ। ਮੋਬਾਈਲ ਚਾਰਜਿੰਗ ਪੁਆਇੰਟ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ।
 


Babita

Content Editor

Related News