ਮੋਹਾਲੀ ਪੁਲਸ ਨੇ ਬਣਾਈ ''ਕੋਵਿਡ ਕੰਟਰੋਲ'' ਐਪ, ਕੁਆਰੰਟਾਈਨ ਲੋਕਾਂ ''ਤੇ ਰੱਖੇਗੀ ਨਜ਼ਰ

04/06/2020 12:17:53 PM

ਮੋਹਾਲੀ (ਰਾਣਾ) : ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ ਅਤੇ ਜਨਤਕ ਸਿਹਤ ਤੇ ਸੁਰੱਖਿਆ ਸਬੰਧੀ ਮੋਹਾਲੀ ਦੇ ਐਸ. ਐਸ. ਪੀ. ਕੁਲਦੀਪ ਸਿੰਘ ਚਾਹਲ, ਨੋਡਲ ਅਫ਼ਸਰ ਡੀ. ਐਸ. ਪੀ. ਅਮਰੋਜ ਸਿੰਘ ਅਤੇ ਆਈ. ਟੀ. ਸਲਾਹਕਾਰ ਅਵਿਨਾਸ਼ ਸ਼ਰਮਾ ਦੀ ਅਗਵਾਈ 'ਚ ਤਕਨੀਕੀ ਅਤੇ ਨਵੀਨਤਮ ਕਾਢ ਦੀ ਵਰਤੋਂ ਕਰਦਿਆਂ 'ਕੋਵਿਡ ਕੰਟਰੋਲਟ ਐਪ (ਐਂਡਰਾਇਡ) ਦੀ ਸ਼ੁਰੂਆਤ ਕੀਤੀ ਗਈ ਹੈ।  ਇਹ ਮੋਬਾਇਲ ਐਪਲੀਕੇਸ਼ਨ ਜੀਓ ਫੈਂਸਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਕੁਆਰੰਟੀਨਡ ਖੇਤਰਾਂ ਅਤੇ ਲੋਕਾਂ ਦੀ ਪਛਾਣ ਅਤੇ ਨਿਸ਼ਾਨਦੇਹੀ ਕਰਨ ਲਈ ਵਿਕਸਤ ਕੀਤੀ ਗਈ ਹੈ। ਕੁਆਰੰਟਾਈਨ ਅਧੀਨ ਲੋਕਾਂ ਨੂੰ ਆਪਣੇ ਮੋਬਾਇਲ ਫੋਨਾਂ 'ਤੇ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ, ਜਿਸ ਨਾਲ ਸਿਹਤ ਅਤੇ ਪੁਲਸ ਵਿਭਾਗ ਲਈ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਅਤੇ ਜੀਓ-ਫੈਂਸਿੰਗ ਦੀ ਸਹਾਇਤਾ ਨਾਲ ਆਪਣੇ ਮੋਬਾਇਲ ਫੋਨ ਨੰਬਰ ਦੀ ਸਥਿਤੀ ਦੇ ਨਾਲ ਵੱਖਰੇ ਉਪਯੋਗ ਕਰਤਾਵਾਂ ਨੂੰ ਟਰੈਕ ਕਰਨਾ ਸੌਖਾ ਹੋ ਜਾਵੇਗਾ। ਕੁਆਰੰਟਾਈਨ ਦੀ ਸਖਤੀ ਨਾਲ ਲਾਗੂ ਕਰਨ ਲਈ ਕਿਸੇ ਵੀ ਖਰਾਬੀ ਜਾਂ ਅਣ-ਅਧਿਕਾਰਤ ਹਰਕਤ ਨੂੰ ਤੁਰੰਤ ਪ੍ਰਸ਼ਾਸਨ ਦੇ ਕੰਟਰੋਲ ਰੂਮ ਅਤੇ ਸਬੰਧਤ ਵਿਅਕਤੀ ਨੂੰ ਸੰਦੇਸ਼ ਦੇ ਜ਼ਰੀਏ ਸੂਚਿਤ ਕਰਕੇ ਧਿਆਨ 'ਚ ਲਿਆਇਆ ਜਾਵੇਗਾ। 
ਹਰ ਕੁਆਰੰਟਾਈਨਡ ਉਪਭੋਗਤਾ ਆਪਣੀ ਕੁਆਰੰਟੀਨ ਦੀ ਜਗ੍ਹਾ ਦੇ 500 ਮੀਟਰ ਦੇ ਘੇਰੇ 'ਚ ਰਹੇਗਾ। ਉਪਭੋਗਤਾ ਨੂੰ ਹਰ 1 ਘੰਟੇ 'ਚ ਸੈਲਫੀ ਅਪਲੋਡ ਕਰਨੀ ਪਵੇਗੀ ਅਤੇ ਜਦੋਂ ਉਹ ਸੈਲਫੀ ਅਪਲੋਡ ਕਰਨਗੇ ਤਾਂ ਸਿਸਟਮ ਆਪਣੀ ਸਥਿਤੀ ਨੂੰ ਅਪਡੇਟ ਕਰ ਦੇਵੇਗਾ। ਸਿਸਟਮ ਉਨ੍ਹਾਂ ਦੀ ਕੁਆਰੰਟਾਈਨ ਜਗ੍ਹਾ ਅਤੇ ਉਸ ਜਗ੍ਹਾ ਦੀ ਪਛਾਣ ਕਰਦਾ ਹੈ, ਜਿੱਥੋਂ ਉਨ੍ਹਾਂ ਨੇ ਸੈਲਫੀ ਅਪਲੋਡ ਕੀਤੀ ਸੀ।
 ਜੇਕਰ ਕੋਈ ਕੁਆਰੰਟਾਈਨ ਵਿਅਕਤੀ ਜੀਓ ਫੈਂਸਿੰਗ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਚਿਤਾਵਨੀ ਦਾ ਸੰਦੇਸ਼ ਮਿਲੇਗਾ ਅਤੇ ਪ੍ਰਬੰਧਕ ਨੂੰ ਕੰਟਰੋਲ ਰੂਮ 'ਚ ਇਕ ਸੰਦੇਸ਼ ਮਿਲੇਗਾ ਕਿ ਉਪਭੋਗਤਾ ਨੇ ਜੀਓ ਫੈਂਸਿੰਗ ਤੋੜ ਦਿੱਤੀ ਹੈ। ਫੋਨ ਬੰਦ ਹੋਣ 'ਤੇ ਵੀ ਪੁਲਸ ਕੰਟਰੋਲ ਰੂਮ ਨੂੰ ਅਲਰਟ ਕਰ ਦਿੱਤਾ ਜਾਵੇਗਾ। ਇਸ ਲਈ ਉਪਭੋਗਤਾ ਖਿਲਾਫ ਦੰਡਕਾਰੀ ਕਾਰਵਾਈ ਕੀਤੀ ਜਾ ਸਕਦੀ ਹੈ। 
ਆਮ ਜਨਤਾ ਵੀ ਇਸ ਐਪਲੀਕੇਸ਼ਨ ‘ਤੇ ਲੌਗ ਇਨ ਕਰ ਸਕਦੀ ਹੈ ਅਤੇ ਉਹ ਸਾਰੇ 'ਰੈੱਡ ਜ਼ੋਨਜ਼' ਅਤੇ ਕੁਆਰੰਟਾਈਨ ਕੀਤੇ ਜਾਂ ਸੰਕਰਮਿਤ ਖੇਤਰਾਂ ਨੂੰ ਐਪ ‘ਤੇ ਲਾਈਵ ਵੇਖ ਸਕਣਗੇ। ਜੇ ਉਹ ਅਜਿਹੇ ਸੰਕਰਮਿਤ ਖੇਤਰ 'ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਨੋਟੀਫਿਕੇਸ਼ਨ ਵੀ ਮਿਲ ਜਾਵੇਗਾ ਅਤੇ ਉਨ੍ਹਾਂ ਦੇ ਨੋਟੀਫਿਕੇਸ਼ਨ ਖੇਤਰ 'ਚ ਅਲਰਟ ਭੇਜਿਆ ਜਾਵੇਗਾ।
 ਕੁਆਰੰਟਾਈਨ ਵਿਅਕਤੀਆਂ ਦੀ ਨਿਗਰਾਨੀ ਕਰਨ ਅਤੇ ਉਲੰਘਣਾਵਾਂ ਨੂੰ ਸਬੰਧਤ ਥਾਣੇ ਦੇ ਧਿਆਨ 'ਚ ਲਿਆਉਣ ਲਈ ਫੇਜ਼-8 ਥਾਣੇ ਦੇ ਨੇੜੇ ਇੱਕ ਟੀਮ ਦੇ ਨਾਲ ਦਿਨ-ਰਾਤ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਪੱਧਰ 'ਤੇ ਸਹੀ ਜਾਣਕਾਰੀ ਅਤੇ ਸਮੱਸਿਆ ਦੇ ਹੱਲ ਲਈ ਸਥਾਨਕ ਸਾਂਝ ਟੀਮ, ਪੁਲਸ ਟੀਮ ਅਤੇ ਸਮਾਜ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਪੁਲਸ ਸਟੇਸ਼ਨ ਪੱਧਰ 'ਤੇ ਵਟਸਐਪ ਸਮੂਹ ਬਣਾਏ ਗਏ ਹਨ। ਕੋਈ ਵੀ ਮੁੱਦਾ ਜੋ ਸਮੂਹ ਦੇ ਦਾਇਰੇ ਤੋਂ ਬਾਹਰ ਹੈ, ਨੂੰ ਜ਼ਿਲ੍ਹਾ ਪੱਧਰ 'ਤੇ ਹੱਲ ਕੀਤਾ ਜਾਵੇਗਾ।
 ਤਾਲਾਬੰਦੀ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਦਿਨ-ਰਾਤ ਕੰਮ ਲਈ ਐਸ. ਏ. ਐਸ. ਨਗਰ, ਮੋਹਾਲੀ ਪੁਲਸ ਹੈਲਪਲਾਈਨ ਨੰਬਰ (88720-90029,0172-2920074,0172-2270091) ਸਥਾਪਤ ਕੀਤੇ ਗਏ ਹਨ।


Babita

Content Editor

Related News