ਮੋਹਾਲੀ ਪੁਲਸ ਵੱਲੋਂ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰ ਕਾਬੂ, 9 ਲਗਜ਼ਰੀ ਕਾਰਾਂ ਬਰਾਮਦ
Saturday, Jul 27, 2024 - 01:29 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਨੇ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਕੀਤੀਆਂ 9 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੋਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਪੁਲਸ ਮੋਹਾਲੀ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਸਪੈਸ਼ਲ ਸੈੱਲ ਮੋਹਾਲੀ ਦੇ ਇੰਚਾਰਜ ਸ਼ਿਵ ਕੁਮਾਰ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਕ ਅੰਤਰਰਾਸ਼ਟਰੀ ਲਗਜ਼ਰੀ ਕਾਰ ਚੋਰ ਗਿਰੋਹ ਖ਼ਿਲਾਫ਼ ਸੋਹਾਣਾ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਰਮੇਸ਼ ਵਾਸੀ ਜ਼ਿਲ੍ਹਾ ਰੋਹਤਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿਛ ਦੇ ਆਧਾਰ ’ਤੇ ਇਸ ਗਿਰੋਹ ਦੇ ਮਾਸਟਰਮਾਈਂਡ ਅਮਿਤ ਵਾਸੀ ਮੇਲਾ ਗਰਾਊਂਡ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਵਿਦੇਸ਼ ਭੱਜਣ ਦੀ ਤਾਕ ’ਚ ਸੀ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਹ ਗਿਰੋਹ ਭਾਰਤ ਦੇ ਵੱਖ-ਵੱਖ ਸੂਬਿਆਂ ’ਚੋਂ ਐਕਸੀਡੈਂਟਲ ਕਾਰਾਂ (ਟੋਟਲ ਲਾਸ) ਖ਼ਰੀਦ ਕੇ ਉਨ੍ਹਾਂ ਦੇ ਕਾਗਜ਼ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਕਾਰਾਂ ਨੂੰ ਡਿਸਮੈਂਟਲ ਕਰ ਦਿੰਦੇ ਸਨ। ਇਸ ਉਪਰੰਤ ਉਨ੍ਹਾਂ ਪੇਪਰਾਂ ਮੁਤਾਬਕ ਉਸੇ ਮਾਰਕੇ, ਮਾਡਲ, ਰੰਗ ਦੀ ਲਗਜ਼ਰੀ ਕਾਰ ਚੋਰੀ ਕਰ ਕੇ ਉਨ੍ਹਾਂ ਕਾਰਾਂ ਦੇ ਇੰਜਣ ਅਤੇ ਚਾਸੀ ਨੰਬਰ ਟੈਂਪਰ ਕਰ ਕੇ ਅੱਗੇ ਨਾਰਥ ਈਸਟ ਦੇ ਸੂਬਿਆਂ ਅਤੇ ਬਾਰਡਰ ਪਾਰ ਕਰਵਾ ਕੇ ਨਾਲ ਲੱਗਦੇ ਗੁਆਂਢੀ ਦੇਸ਼ਾਂ ’ਚ ਆਪਣੇ ਗਾਹਕਾਂ ਨੂੰ ਸਪਲਾਈ ਕਰ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਖਿਹੇਤੋ ਅਚਮੀ ਨਾਮ ਦਾ ਵਿਅਕਤੀ ਹੈ, ਜਿਹੜਾ ਦੀਮਾਪੁਰ ਨਾਗਾਲੈਂਡ ਦਾ ਵਸਨੀਕ ਹੈ ਅਤੇ ਉਸ ਵੱਲੋਂ ਚੋਰੀ ਦੀਆ ਕਾਰਾਂ ਨੂੰ ਅੱਗੇ ਵੱਖ-ਵੱਖ ਗਾਹਕਾਂ ਨੂੰ ਵੇਚਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਇਸ ਗਿਰੋਹ ਵੱਲੋਂ ਕਰੀਬ 400 ਤੋਂ ਉੱਪਰ ਕਾਰਾਂ ਚੋਰੀ ਕਰ ਕੇ ਇੰਟਰਨੈਸ਼ਨਲ ਬਾਰਡਰ ਪਾਰ ਕਰਵਾ ਕੇ ਅੱਗੇ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਹੈ। ਮਾਮਲੇ ਦੀ ਤਫ਼ਤੀਸ਼ ਅਜੇ ਜਾਰੀ ਹੈ ਅਤੇ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।