ਮੋਹਾਲੀ 'ਚ ਨਰਸ ਦੇ ਕਤਲ ਮਾਮਲੇ 'ਚ ਅਹਿਮ ਖ਼ੁਲਾਸਾ, ਪਿਆਰ 'ਚ ਦਗ਼ਾ ਕਰ ਗਿਆ ਮੁਅੱਤਲ ASI
Wednesday, Nov 23, 2022 - 11:38 AM (IST)
ਮੋਹਾਲੀ (ਪਰਦੀਪ) : ਪਿੰਡ ਸੋਹਾਣਾ ਦੇ ਛੱਪੜ (ਟੋਭੇ) ਨੇੜੇ ਨਸੀਬ ਨਾਂ ਦੀ 23 ਸਾਲਾ ਕੁੜੀ ਦੀ ਲਾਸ਼ ਸ਼ੱਕੀ ਹਾਲਤ ’ਚ ਮਿਲੀ ਸੀ। ਉਸ ਲਾਸ਼ ਨੂੰ ਬਰਖ਼ਾਸਤ ਏ. ਐੱਸ. ਆਈ. ਰਸ਼ਪ੍ਰੀਤ ਸਿੰਘ ਨੇ ਐਕਟਿਵਾ ’ਤੇ ਲਿਆਂਦਾ ਸੀ। ਬਰਖ਼ਾਸਤ ਏ. ਐੱਸ. ਆਈ. ਰਸ਼ਪ੍ਰੀਤ ਸਿੰਘ ਫੇਜ਼-8 ਥਾਣੇ 'ਚ ਤਾਇਨਾਤ ਸੀ। ਡਕੈਤੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਮੁਲਜ਼ਮ ਏ. ਐੱਸ. ਆਈ. ਰਸ਼ਪ੍ਰੀਤ ਖ਼ਿਲਾਫ਼ ਥਾਣਾ ਸੋਹਾਣਾ 'ਚ ਧਾਰਾ-302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਰਸ਼ਪ੍ਰੀਤ ਅਜੇ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਪੁਲਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰਸ਼ਪ੍ਰੀਤ ਸਿੰਘ ਦੇ ਨਸੀਬ ਨਾਲ ਸਬੰਧ ਸਨ। ਰਸ਼ਪ੍ਰੀਤ ਵਿਆਹਿਆ ਹੋਇਆ ਸੀ, ਜਿਸ ਦਾ ਨਸੀਬ ਨੂੰ ਨਹੀਂ ਪਤਾ ਸੀ। ਪੁਲਸ ਨੂੰ ਮ੍ਰਿਤਕ ਨਸੀਬ ਦੇ ਮੋਬਾਇਲ ਤੋਂ ਮਿਲੀ ਦੋਵਾਂ ਦੀ ਚੈਟਿੰਗ ਤੋਂ ਰਿਸ਼ਤੇ ਸਬੰਧੀ ਪਤਾ ਲੱਗਾ, ਜਦੋਂਕਿ ਰਸ਼ਪ੍ਰੀਤ ਨੇ ਹੀ ਉਸ ਦੀ ਲਾਸ਼ ਨੂੰ ਐਕਟਿਵਾ ’ਤੇ ਛੱਪੜ ਕੋਲ ਸੁੱਟ ਦਿੱਤਾ ਸੀ, ਜਿਸ ਦਾ ਖ਼ੁਲਾਸਾ ਸੀ. ਸੀ. ਟੀ. ਵੀ. 'ਚ ਹੋਇਆ ਸੀ।
ਪੀ. ਜੀ. ’ਚ ਰਹਿੰਦੀ ਸੀ ਨਸੀਬ
ਨਸੀਬ ਆਪਣੇ ਸ਼ਿਮਲਾ ਨਿਵਾਸੀ ਦੋਸਤ ਨਾਲ ਸੋਹਾਣਾ ਦੇ ਪੀ. ਜੀ. 'ਚ ਰਹਿੰਦੀ ਸੀ। ਉਸ ਨੇ ਆਪਣੀ ਸਹੇਲੀ ਨੂੰ ਦੱਸਿਆ ਸੀ ਕਿ ਉਸ ਦਾ ਕੋਈ ਰਿਸ਼ਤੇਦਾਰ ਬੀਮਾਰ ਹੈ, ਜਿਸ ਨੂੰ ਉਹ ਦਵਾਈ ਦੇਣ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਉਸ ਨੇ ਉਸ ਦਾ ਫੋਨ ਨਹੀਂ ਚੁੱਕਿਆ। ਪੁਲਸ ਨੇ ਕੁੜੀ ਦੀ ਲਾਸ਼ ਕੋਲੋਂ ਉਸ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਸੀ, ਜਿਸ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। ਨਸੀਬ ਦੀ ਲਾਸ਼ ਸੋਹਾਣਾ ਦੇ ਛੱਪੜ ਨੇੜੇ ਇਕ ਰਾਹਗੀਰ ਨੂੰ ਮਿਲੀ, ਜਿਨ੍ਹਾਂ ਨੇ ਇਸ ਸਬੰਧੀ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਗੰਨ ਕਲਚਰ ਦੇ ਖ਼ਾਤਮੇ ਲਈ 'ਆਪ' ਵਿਧਾਇਕ ਨੇ ਚੁੱਕਿਆ ਅਹਿਮ ਕਦਮ, ਘਰ ਬਾਹਰ ਲਾ ਦਿੱਤੇ ਪੋਸਟਰ
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨਸੀਬ ਅਸਲ 'ਚ ਅਬੋਹਰ ਦੀ ਰਹਿਣ ਵਾਲੀ ਸੀ। ਉਹ ਜ਼ਿੰਦਲ ਹਸਪਤਾਲ ਸੈਕਟਰ-5 ਪੰਚਕੂਲਾ 'ਚ ਸਟਾਫ਼ ਨਰਸ ਵਜੋਂ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਉਹ ਗ੍ਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ 'ਚ ਕੰਮ ਕਰਦੀ ਸੀ। ਨਸੀਬ ਆਪਣੀ ਮੌਤ ਤੋਂ 15 ਦਿਨ ਪਹਿਲਾਂ ਹੀ ਮੋਹਾਲੀ ਆਈ ਸੀ ਅਤੇ ਪੀ. ਜੀ. 'ਚ ਰਹਿ ਰਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ