ਨਿਗਮ ਨੇ 13 ਮਹੀਨੇ ਬਾਅਦ ਵੀ ਨਹੀਂ ਕੀਤੀ ਸੜਕ ਦੀ ਮੁਰੰਮਤ
Thursday, Jul 04, 2024 - 01:02 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਸੈਕਟਰ-79 ’ਚ ਨਗਰ ਨਿਗਮ ਮੋਹਾਲੀ ਨੇ ਮਾਰਚ 2023 ’ਚ ਸੀਵਰੇਜ ਲਾਈਨ ਦੀ ਮੁਰੰਮਤ ਲਈ ਮਕਾਨ ਨੰਬਰ 2413, 2414 ਤੇ 2415 ਦੇ ਸਾਹਮਣੇ 80 ਫੁੱਟ ਚੌੜੀ ਸੜਕ ਪੁੱਟੀ ਸੀ। ਇਸ ਨੂੰ ਹੁਣ ਤੱਕ ਇਸੇ ਤਰ੍ਹਾਂ ਛੱਡ ਦਿੱਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਮਕਾਨ ਨੰਬਰ 2414 ਦੇ ਦਰਸ਼ਨ ਸਿੰਘ, ਮਕਾਨ ਨੰਬਰ 2415 ਦੇ ਡਾਕਟਰ ਸਤਨਾਮ ਸਿੰਘ ਤੇ ਮਕਾਨ ਨੰਬਰ 2412 ਦੇ ਡਾਕਟਰ ਵਿਵੇਕ ਮਿੱਤਲ ਨੇ ਦੱਸਿਆ ਕਿ ਨਿਗਮ ਨੇ 13 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸੜਕ ਦੀ ਮੁਰੰਮਤ ਨਹੀਂ ਕੀਤੀ।
ਇਹ ਸੜਕ ਇਕ ਬਹੁਤ ਹੀ ਵਿਅਸਤ ਹੈ ਤੇ ਸੈਕਟਰ ਦੇ ਵਸਨੀਕਾਂ ਵੱਲੋਂ ਦਿਨ-ਰਾਤ ਵਰਤੀ ਜਾਂਦੀ ਹੈ। ਸੜਕ ’ਤੇ ਬਹੁਤ ਵੱਡਾ ਖੱਡਾ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਬਰਸਾਤ ਦੇ ਮੌਸਮ ’ਚ ਮੀਂਹ ਕਾਰਨ ਸੜਕ ’ਤੇ ਪਾਣੀ ਭਰ ਜਾਂਦਾ ਹੈ। ਇਸ ਪਾਣੀ ਭਰਨ ਕਾਰਨ ਡੇਂਗੂ, ਮਲੇਰੀਆ ਵਰਗੀਆਂ ਜਾਨਲੇਵਾ ਬੀਮਾਰੀਆਂ ਫੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।