ਨਗਰ ਨਿਗਮ ਉਤਰਵਾਏਗਾ ਦਰੱਖਤਾਂ ਤੋਂ ਨਾਜਾਇਜ਼ ਬੋਰਡ
Wednesday, Feb 26, 2020 - 12:05 PM (IST)
ਮੋਹਾਲੀ (ਨਿਆਮੀਆਂ) : ਨਗਰ ਨਿਗਮ ਮੋਹਾਲੀ ਦੇ ਨਿਗਰਾਨ ਇੰਜੀਨੀਅਰ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਕੇ ਕਿਹਾ ਹੈ ਕਿ ਮੋਹਾਲੀ ਅੰਦਰ ਲੱਗੇ ਹੋਏ ਦਰੱਖਤਾਂ ਨਾਲ ਲੋਕਾਂ ਅਤੇ ਕੰਪਨੀਆਂ ਵਲੋਂ ਲਟਕਾਏ ਗਏ ਸਾਈਨ ਬੋਰਡਾਂ, ਇਸ਼ਤਿਹਾਰੀ ਬੋਰਡਾਂ, ਬਿਜਲੀ ਤਾਰਾਂ, ਹਾਈ ਟੈਨਸ਼ਨ ਕੇਬਲਾਂ ਨੂੰ ਉਤਾਰ ਦਿੱਤਾ ਜਾਵੇ। ਨਿਗਰਾਨ ਇੰਜੀਨੀਅਰ ਵਲੋਂ ਇਹ ਹਦਾਇਤਾਂ ਨੈਸ਼ਨਲ ਗਰੀਨ ਟ੍ਰਿਬੀਊਨਲ ਪ੍ਰਿੰਸੀਪਲ ਬੈਂਚ ਨਵੀਂ ਦਿੱਲੀ ਵਲੋਂ ਜਾਰੀ ਪੱਤਰ ਮੁਤਾਬਕ ਕੀਤੀਆਂ ਗਈਆਂ ਹਨ।
ਇਨ੍ਹਾਂ ਹਦਾਇਤਾਂ 'ਚ ਨੈਸ਼ਨਲ ਗਰੀਨ ਟ੍ਰਿਬੀਊਨਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਹੁਕਮਾਂ 'ਚ ਕਿਹਾ ਗਿਆ ਹੈ ਕਿ ਦਰੱਖਤਾਂ 'ਤੇ ਟੰਗੇ, ਫਿਕਸ ਕੀਤੇ ਇਸ਼ਤਿਹਾਰੀ ਬੋਰਡ ਅਤੇ ਤਾਰਾਂ ਉਤਾਰਨ ਵੇਲੇ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਨੂੰ ਮੁੜ ਦਰੱਖਤਾਂ 'ਤੇ ਨਹੀਂ ਟੰਗਿਆ ਜਾਵੇਗਾ। ਇਸ ਸਬੰਧਈ ਇਨਵਾਇਰਮੈਂਟ ਪ੍ਰੋਟੈਕਸ਼ਨ ਸੋਸਾਇਟੀ ਮੋਹਾਲੀ ਦੇ ਪ੍ਰਧਾਨ ਆਰ. ਐੱਸ. ਬੈਦਵਾਣ ਨੇ ਕਿਹਾ ਕਿ ਨਗਰ ਨਿਗਮ ਮੋਹਾਲੀ ਨੂੰ ਦਰੱਖਤਾਂ 'ਤੇ ਟੰਗੇ ਬੋਰਡਾਂ ਤੇ ਤਾਰਾਂ ਨੂੰ ਉਤਾਰਨ ਦੀ ਕਾਰਵਾਈ ਕੀਤੀ ਜਾਵੇਗੀ ਤਾਂ ਚੰਗਾ ਰਹੇਗਾ ਕਿਉਂਕਿ ਦਰੱਖਤਾਂ ਨਾਲ ਟੰਗੇ ਬੋਰਡਾਂ ਤੇ ਤਾਰਾਂ ਨਾਲ ਜਿੱਥੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।