ਮੋਹਾਲੀ ''ਚ ਲੱਗੀ ਪਹਿਲੀ ਲੋਕ ਅਦਾਲਤ, ਵਸਿਆ ਕੁੜੀ-ਮੁੰਡੇ ਦਾ ਘਰ

Saturday, Mar 09, 2019 - 04:05 PM (IST)

ਮੋਹਾਲੀ ''ਚ ਲੱਗੀ ਪਹਿਲੀ ਲੋਕ ਅਦਾਲਤ, ਵਸਿਆ ਕੁੜੀ-ਮੁੰਡੇ ਦਾ ਘਰ

ਮੋਹਾਲੀ (ਜੱਸੋਵਾਲ) : ਮੋਹਾਲੀ 'ਚ ਪੂਰਾ ਸਾਲ ਲੱਗਣ ਵਾਲੀਆਂ 4 ਲੋਕ ਅਦਾਲਤਾਂ 'ਚੋਂ ਪਹਿਲੀ ਲੋਕ ਅਦਾਲਤ ਮੋਹਾਲੀ ਕੋਰਟ ਕੰਪਲੈਕਸ 'ਚ ਲਾਈ ਗਈ। ਇਸ ਅਦਾਲਤ 'ਚ ਮਾਣਯੋਗ ਸੈਸ਼ਨ ਜੱਜ ਵਿਵੇਕ ਪੁਰੀ ਵਲੋਂ ਇੱਥੇ ਆਏ ਮੈਟਰੀਮੋਨੀਅਲ ਅਤੇ ਟ੍ਰੈਫਿਕ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਮੈਟਰੀਮੋਨੀਅਲ ਕੇਸ ਦੇ ਸਬੰਧ 'ਚ ਬਠਿੰਡਾ ਤੋਂ ਆਏ ਲੜਕੇ ਅਤੇ ਮੋਹਾਲੀ ਦੀ ਲੜਕੀ ਨੂੰ ਕਾਊਂਸਲਿੰਗ ਦੁਆਈ ਗਈ ਅਤੇ ਅਜਿਹਾ ਹੀ ਇਕ ਕੇਸ ਪਟਿਆਲਾ ਦੇ ਰਹਿਣ ਵਾਲੇ ਲੜਕੇ ਅਤੇ ਮੋਹਾਲੀ ਦੀ ਰਹਿਣ ਵਾਲੀ ਲੜਕੀ ਦਾ ਵੀ ਆਇਆ, ਜਿਨ੍ਹਾਂ ਦਾ ਸਮÎਝੌਤਾ ਕਰਵਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਜ ਵਿਵੇਕ ਪੁਰੀ ਨੇ ਦੱਸਿਆ ਕਿ ਲੋਕ ਅਦਾਲਤਾਂ ਲੋਕਾਂ ਦੇ ਫਸੇ ਹੋਏ ਕੇਸਾਂ ਲਈ ਇਕ ਵਧੀਆ ਬਦਲ ਹਨ। ਇੱਥੇ ਆ ਕੇ ਜਿੱਥੇ ਲੋਕਾਂ ਦਾ ਪੈਸਾ ਬਚਦਾ ਹੈ, ਉੱਥੇ ਹੀ ਸਮੇਂ ਦੀ ਵੀ ਬੱਚਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਦੇਖਿਆ ਗਿਆ ਹੈ ਕਿ ਲੜਕਾ ਅਤੇ ਲੜਕੀ ਇਕ-ਦੂਜੇ ਨਾਲ ਰਹਿਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਆਸ-ਪਾਸ ਦੇ ਲੋਕ ਉਨ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹੇ ਹੀ ਇਕ ਕੇਸ 'ਚ ਲੜਕੇ ਅਤੇ ਲੜਕੀ ਦੇ ਮਿਲਣ ਦੀ ਸੰਭਾਵਨਾ ਸੀ ਪਰ ਉਨ੍ਹਾਂ ਨਾਲ ਆਏ ਹੋਏ ਪਰਿਵਾਰਕ ਮੈਂਬਰਾਂ ਨੂੰ ਅਸੀਂ ਬਾਹਰ ਬੈਠਣ ਨੂੰ ਕਿਹਾ ਕਿਉਂਕਿ ਲੜਕੀ ਨਾਲ ਆਏ ਪਰਿਵਾਰਕ ਮੈਂਬਰ ਉਨ੍ਹਾਂ 'ਤੇ ਦਬਾਅ ਬਣਾਉਂਦੇ ਹਨ ਕਿ ਸਮਝੌਤਾ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਲੋਕ ਅਦਾਲਤਾਂ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਪੈਸੇ ਦੀ ਬਰਬਾਦੀ ਨਾ ਹੋਵੇ।


author

Babita

Content Editor

Related News