ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦਾ ਫ਼ੈਸਲਾ, ਕੋਰੋਨਾ ਜਾਂਚ ਲਈ ਨਮੂਨੇ ਲੈਣ ਦੀ ਦਰ ਕੀਤੀ ਦੁੱਗਣੀ
Monday, Sep 07, 2020 - 05:37 PM (IST)
ਮੋਹਾਲੀ (ਪ੍ਰਦੀਪ)— ਕੋਰੋਨਾ ਲਾਗ ਦੀ ਬੀਮਾਰੀ ਵਿਰੁੱਧ ਆਪਣੀ ਲੜਾਈ ਨੂੰ ਹੋਰ ਤੇਜ਼ ਕਰਦੇ ਜ਼ਿਲ੍ਹਾ ਪ੍ਰਸ਼ਾਸਨ ਐੱਸ. ਏ. ਐੱਸ. ਨਗਰ ਨੇ ਕੋਵਿਡ-19 ਦੇ ਨਮੂਨੇ ਲੈਣ ਦੀ ਦਰ ਨੂੰ ਦੁੱਗਣਾ ਕਰ ਦਿੱਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਸਬੰਧੀ ਵੇਰਵਿਆਂ ਨੂੰ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਲਈ ਪਹਿਲਾਂ ਪ੍ਰਤੀ ਦਿਨ ਲਗਭਗ 350 ਨਮੂਨੇ ਲਏ ਜਾ ਰਹੇ ਸਨ, ਜਿਸ 'ਚ ਵਾਧਾ ਕਰਦਿਆਂ ਹੁਣ ਰੋਜ਼ਾਨਾ ਤਕਰੀਬਨ 850 ਤੋਂ 1100 ਨਮੂਨੇ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਹੈਰਾਨ ਕਰਦੀ ਗੱਲ
ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਮਰੀਜ਼ਾਂ 'ਚ ਕੋਰੋਨਾ ਵਾਇਰਸ ਦਾ ਜਲਦੀ ਪਤਾ ਲਗਾਉਣਾ ਹੈ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਹੋਰਨਾਂ ਤੱਕ ਵੀ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਦਿਆਲਨ ਨੇ ਕਿਹਾ ਨਮੂਨੇ ਲੈਣ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ-ਨਾਲ ਟੈਸਟਿੰਗ ਨੂੰ ਵੀ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ। ਪਹਿਲਾਂ ਔਸਤਨ 400 ਟੈਸਟ ਪ੍ਰਤੀ ਦਿਨ ਦੇ ਮੁਕਾਬਲੇ ਹੁਣ ਔਸਤਨ ਤਕਰੀਬਨ 850 ਟੈਸਟ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਦੇ ਮਾਮਲੇ 'ਚ SGPC ਨੇ ਪੁਲਸ ਕਾਰਵਾਈ ਤੋਂ ਪਛਾਂਹ ਖਿੱਚੇ ਪੈਰ, ਮਾਮਲਾ ਗਰਮਾਇਆ
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 4 ਸਤੰਬਰ ਨੂੰ ਜ਼ਿਲ੍ਹੇ 'ਚ ਕੁੱਲ 946 ਨਮੂਨੇ ਲਏ ਗਏ, ਜਿਨ੍ਹਾਂ 'ਚ 669 ਆਰ. ਟੀ. ਪੀ. ਸੀ. ਆਰ. ਟੈਸਟ, 19 ਟਰੂਨਾਟ ਅਤੇ 258 ਐਂਟੀਜੇਨ ਟੈਸਟ ਸ਼ਾਮਲ ਹਨ। ਇਸੇ ਤਰ੍ਹਾਂ, 5 ਸਤੰਬਰ ਨੂੰ ਸਿਹਤ ਟੀਮਾਂ ਵੱਲੋਂ 855 ਨਮੂਨੇ ਲਏ ਗਏ ਜਿਨ੍ਹਾਂ ਵਿੱਚ 554 ਆਰ. ਟੀ. ਪੀ. ਸੀ.ਆਰ. ਟੈਸਟ, 23 ਟਰੂਨਾਟ ਅਤੇ 278 ਐਂਟੀਜਨ ਟੈਸਟ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿ-ਰੋਗ ਵਾਲੇ ਲੋਕਾਂ ਦੀ ਉੱਚ-ਜੋਖਮ ਵਾਲੀ ਆਬਾਦੀ ਨੂੰ ਕਵਰ ਕਰਨ ਲਈ ਸੈਂਪਲਿੰਗ ਟੀਮਾਂ ਦੀ ਗਿਣਤੀ ਹੁਣ 20 ਤੋਂ ਵਧਾ ਕੇ 26 ਕਰ ਦਿੱਤੀ ਗਈ ਹੈ। ਦਿਆਲਨ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਕਸਦ ਕੇਸ ਫੈਟਾਲਿਟੀ ਰੇਟ (ਸੀ. ਐੱਫ. ਆਰ.) ਨੂੰ ਕੰਟਰੋਲ ਵਿੱਚ ਰੱਖਣਾ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਮਾਮਲਿਆਂ ਵਿੱਚ ਵਾਧਾ ਹੋਣ ਦੇ ਬਾਵਜੂਦ ਜ਼ਿਲ੍ਹੇ 'ਚ ਮੌਜੂਦਾ ਸੀ. ਐੱਫ. ਆਰ. ਦਰ 1.92 ਫ਼ੀਸਦ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਲੋਕ ਸਿਹਤਯਾਬ ਹੋਏ ਹਨ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵਾਕ-ਇਨ ਟੈਸਟਿੰਗ ਅਤੇ ਘਰੇਲੂ ਇਕਾਂਤਵਾਸ ਕਰਨ ਦਾ ਨਿਵੇਕਲਾ ਢੰਗ ਅਪਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਵਾਇਰਸ ਬਾਰੇ ਸ਼ੱਕ ਹੋਣ 'ਤੇ ਕੋਈ ਵੀ ਵਿਅਕਤੀ ਜ਼ਿਲ੍ਹੇ ਦੇ 9 ਫਲੂ ਕਾਰਨਰਾਂ 'ਚੋਂ ਕਿਸੇ 'ਚ ਵੀ ਜਾ ਸਕਦਾ ਹੈ ਅਤੇ ਜੇ ਉਹ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਘਰੇਲੂ ਇਕਾਂਤਵਾਸ ਲਈ ਸਵੈ-ਘੋਸ਼ਣਾ ਫਾਰਮ ਜਮ੍ਹਾਂ ਕਰ ਸਕਦਾ ਹੈ। ਦਿਆਲਨ ਨੇ ਅੱਗੇ ਕਿਹਾ ਅਜਿਹੇ ਮਾਮਲਿਆਂ 'ਚ ਆਪਣੀ ਘੋਸ਼ਣਾ ਦੇ ਆਧਾਰ 'ਤੇ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ ਅਤੇ ਸਿਹਤ ਟੀਮਾਂ ਰੋਜ਼ਾਨਾ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਰੋਟੇਸ਼ਨ ਦੇ ਆਧਾਰ 'ਤੇ ਕੰਮ ਕਰਨ ਵਾਲੀਆਂ ਵਾਧੂ ਟੀਮਾਂ ਨਾਲ ਫਲੂ ਕਾਰਨਰਾਂ ਦੀ ਸਮਰਥਾ ਹੋਰ ਵਧਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਨੀਤੀ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਘਰਾਂ ਦੇ ਬਾਹਰ ਕੋਈ ਵੀ ਇਕਾਂਤਵਾਸ ਸਟਿੱਕਰ ਨਹੀਂ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਪੈਦਾ ਹੋਈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੇ ਮਰੀਜ਼ਾਂ ਲਈ ਲੋੜੀਂਦੇ ਬੈੱਡ ਉਪਲਬਧ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸ਼ਕਲ ਸਮੇਂ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਅਫ਼ਵਾਹਾਂ ਤੋਂ ਬਚਣ ਅਤੇ ਸੁਰੱਖਿਆ ਸਾਵਧਾਨੀਆਂ ਜਿਵੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਹੱਥ ਧੋਣਾ ਆਦਿ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ
ਇਹ ਵੀ ਪੜ੍ਹੋ: ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ