ਪੰਜਾਬ ''ਚ CM ਮਾਨ ਵਲੋਂ ਸਖ਼ਤ ਹਦਾਇਤਾਂ ਜਾਰੀ, ਇਨ੍ਹਾਂ ਜ਼ਿਲ੍ਹਿਆਂ ਨੂੰ ਲੈ ਕੇ ਜਾਰੀ ਕੀਤੇ ਨਿਰਦੇਸ਼
Wednesday, Sep 17, 2025 - 09:47 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਲੋਕਾਂ ਨੂੰ ਸਿਹਤ ਜਾਂਚ ਤੇ ਇਲਾਜ ਦੇ ਮਾਮਲੇ ’ਚ ਰਾਹਤ ਦੇਣ ਲਈ ਆਪਣੇ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਵਿਆਪਕ ਨੁਕਸਾਨ ਹੋਇਆ ਹੈ ਅਤੇ ਹੁਣ ਜਦੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਤਾਂ ਮਨੁੱਖਾਂ ਤੇ ਪਸ਼ੂਆਂ ਵਿਚਾਲੇ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਸਰਕਾਰ ਪਹਿਲਾਂ ਹੀ ਮਨੁੱਖਾਂ ਤੇ ਪਸ਼ੂਆਂ ਵਿਚਕਾਰ ਬੀਮਾਰੀਆਂ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ ’ਤੇ ਹੰਭਲਾ ਮਾਰ ਰਹੀ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਏ ਗਏ ਸਿਹਤ ਜਾਂਚ ਕੈਂਪਾਂ ਤੋਂ ਹੁਣ ਤੱਕ ਤਕਰੀਬਨ 1.50 ਲੱਖ ਲੋਕਾਂ ਨੂੰ ਲਾਭ ਪਹੁੰਚਿਆ ਹੈ। ਕੈਂਪਾਂ ’ਚ ਬੁਖ਼ਾਰ, ਪੇਚਸ਼, ਚਮੜੀ ਦੀ ਲਾਗ ਤੇ ਹੋਰ ਬਿਮਾਰੀਆਂ ਦਾ ਵੱਡੇ ਪੱਧਰ ’ਤੇ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਕੋਚਿੰਗ ਸੈਂਟਰ ਤੇ ਹੌਟਸਪੋਟਸ ਰਹਿਣਗੇ ਬੰਦ! ਜਾਰੀ ਹੋ ਗਏ ਨਵੇਂ ਹੁਕਮ
ਉਨ੍ਹਾਂ ਨੇ ਪਿੰਡਾਂ, ਗਲੀਆਂ, ਛੱਪੜਾਂ (ਫਿਰਨੀ, ਨਾਲੀ, ਗਲੀ ਤੇ ਹੋਰ) ’ਚ ਬਿਨਾਂ ਕਿਸੇ ਦੇਰੀ ਤੋਂ ਸਫ਼ਾਈ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ’ਚ ਬਾਹਰੀ ਫੌਗਿੰਗ ਦੇ ਨਾਲ-ਨਾਲ ਰਹਿੰਦ-ਖੂੰਹਦ ਦੇ ਪ੍ਰਬੰਧਨ ਤੇ ਕੂੜੇ ਦਾ ਸਮੇਂ ਸਿਰ ਨਿਪਟਾਰਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਦੇ ਪ੍ਰਜਨਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ’ਚ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮਾਂ ਚਲਾਉਣ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਫੌਗਿੰਗ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖੇਤਾਂ ਤੇ ਪਿੰਡਾਂ ਦੇ ਆਲੇ-ਦੁਆਲੇ ਤੋਂ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਅਤੇ ਮੱਛਰਾਂ ਦੇ ਪ੍ਰਜਨਣ ਦੀ ਰੋਕਥਾਮ, ਫੌਗਿੰਗ ਤੇ ਸਫ਼ਾਈ ਮੁਹਿੰਮ ’ਚ ਗ੍ਰਾਮ ਰੁਜ਼ਗਾਰ ਸੇਵਕਾਂ ਨੂੰ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਕੰਮ 21 ਸਤੰਬਰ ਤੱਕ ਮੁਕੰਮਲ ਹੋਣੇ ਚਾਹੀਦੇ ਹਨ ਅਤੇ ਪਿੰਡਾਂ ’ਚ ਪਸ਼ੂਆਂ ਦੇ ਵਾੜਿਆਂ ਤੇ ਫੀਡ ਰੱਖਣ ਵਾਲੀਆਂ ਥਾਵਾਂ ਦੀ ਸਫ਼ਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ
ਪਸ਼ੂਆਂ ਦੀਆਂ ਖ਼ੁਰਲੀਆਂ ਤੇ ਪਾਣੀ ਪੀਣ ਵਾਲੀਆਂ ਥਾਵਾਂ ਦੀ ਵੀ ਢੁੱਕਵੀਂ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਪੋਟਾਸ਼ੀਅਮ ਪਰਮੈਗਨਾਈਟ ਦੀ ਵੰਡ ਵੀ ਮੁਫ਼ਤ ’ਚ ਕੀਤੀ ਜਾ ਰਹੀ ਹੈ ਤਾਂ ਕਿ ਪਸ਼ੂਆਂ ਦੇ ਵਾੜਿਆਂ ਤੇ ਪਾਣੀ ਪਿਆਉਣ ਵਾਲੀਆਂ ਥਾਵਾਂ ਬਿਮਾਰੀਆਂ ਤੋਂ ਮੁਕਤ ਹੋਣ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਖੁਰਾਂ ਨੂੰ ਵੀ ਪੋਟਾਸ਼ੀਅਮ ਪਰਮੈਗਨਾਈਟ ਨਾਲ ਨਿਯਮਤ ਆਧਾਰ ’ਤੇ ਸਾਫ਼ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਖੁਰਾਂ ਨੂੰ ਕੋਈ ਬਿਮਾਰੀ ਨਾ ਲੱਗੇ। ਬਿਹਤਰ ਅੰਤਰ-ਵਿਭਾਗੀ ਤਾਲਮੇਲ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ’ਚ ਲੋਕਾਂ ਨੂੰ ਰਾਹਤ ਪਹੁੰਚਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਨ ਲਈ ਪਾਣੀ ਦੀ ਬਾਕਾਇਦਾ ਆਧਾਰ ’ਤੇ ਟੈਸਟਿੰਗ ਤੇ ਕਲੋਰੀਨੇਸ਼ਨ ਯਕੀਨੀ ਬਣਾਉਣੀ ਚਾਹੀਦੀ ਹੈ। ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਲ ਸਪਲਾਈ ਪਾਈਪਲਾਈਨਾਂ ਦੀ ਕਿਸੇ ਵੀ ਤਰ੍ਹਾਂ ਦੀ ਲੀਕੇਜ ਦੀ ਤੁਰੰਤ ਮੁਰੰਮਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਤੇ ਹੋਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8