ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ- ਐੱਨ.ਡੀ.ਏ. ਬਣਾਉਣ ਵਾਲੀ ਭਾਜਪਾ ਨਹੀਂ ਸਗੋਂ ਅਕਾਲੀ ਦਲ ਹੈ
Tuesday, Sep 29, 2020 - 05:41 PM (IST)
ਮੋਗਾ (ਵਿਪਨ): ਖੇਤੀ ਬਿੱਲਾਂ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵਲੋਂ ਲਗਾਤਾਰ ਖੁਦ ਤੋਂ ਵੱਖ ਹੋਈ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਇਸ ਦੇ ਨਾਲ ਹੀ ਅੱਜ ਸੁਖਬੀਰ ਬਾਦਲ ਵੱਲੋਂ ਮੋਗਾ 'ਚ ਰੈਲੀ ਕੀਤੀ ਗਈ। ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਅਸਰ ਸਿਰਫ਼ ਕਿਸਾਨੀ 'ਤੇ ਹੀ ਨਹੀਂ ਸਗੋਂ ਆੜ੍ਹਤੀਏ, ਖੇਤੀ ਮਜ਼ਦੂਰਾਂ, ਮੰਡੀ ਮਜ਼ਦੂਰ ਤੇ ਵਪਾਰੀਆਂ 'ਤੇ ਵੀ ਪਵੇਗਾ। ਉਨ੍ਹਾਂ 1 ਅਕਤੂਬਰ ਨੂੰ ਕੱਢੇ ਜਾਣ ਵਾਲੇ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾ ਮਾਰਚ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਜਾਵੇਗੀ। ਦੂਜਾ ਮਾਰਚ ਸ੍ਰੀ ਆਨੰਦਪੁਰ ਸਾਹਿਬ ਤੋਂ ਕੱਢਿਆ ਜਾਵੇਗਾ ਜਿਸ ਦੀ ਅਗਵਾਈ ਚੰਦੂਮਾਜਰਾ ਤੇ ਡਾ. ਚੀਮਾ ਕਰਨਗੇ। ਤੀਜਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢਿਆ ਜਾਵੇਗਾ ਜਿਸ ਦੀ ਅਗਵਾਈ ਉਹ ਖ਼ੁਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੇਂਦਰ ਤੇ ਸੂਬਾ ਸਰਕਾਰ ਨੂੰ ਹਿਲਾਅ ਕੇ ਰੱਖ ਦੇਣਗੇ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਪਾਸ
ਉਨ੍ਹਾਂ ਭਾਜਪਾ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਐੱਨ.ਡੀ.ਏ. ਬਣਾਉਣ ਵਾਲੀ ਬੀਜੇਪੀ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਐਨਡੀਏ ਬਣਿਆ ਸੀ ਤਾਂ ਉਦੋਂ ਬੀਜੇਪੀ ਕੋਲ ਸਿਰਫ ਦੋ ਹੀ ਐਮਪੀ ਸਨ। ਪਿਛਲੀਆਂ ਰੈਲੀਆਂ 'ਚ ਅਸੀਂ 20 ਹਜ਼ਾਰ ਬੰਦਾ ਲੈ ਕੇ ਆਉਂਦੇ ਸੀ ਤੇ ਨਾਂ ਵੱਜਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਇਕੱਠ ਕੀਤਾ। ਜਦੋਂਕਿ ਬੀਜੇਪੀ ਦੇ ਦੋ ਹਜ਼ਾਰ ਤੋਂ ਵੀ ਘੱਟ ਵਰਕਰ ਰੈਲੀਆਂ 'ਚ ਪਹੁੰਚਦੇ ਸੀ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਖੇਤੀ ਕਾਨੂੰਨ ਨੂੰ ਜਨਮ ਦੇਣ ਵਾਲੇ ਕਾਂਗਰਸੀ ਹੀ ਹਨ। ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣਾਂਗਾ ਤਾਂ ਸਾਰੀਆਂ ਮੰਡੀਆਂ ਪ੍ਰਾਈਵੇਟ ਕਰ ਦੇਵਾਂਗਾ। ਆਪਣੇ ਸੰਬੋਧਨ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਪੰਜਾਬ 'ਚ ਲਾਗੂ ਕੀਤਾ ਹੋਇਆ ਐਕਟ ਪੰਜਾਬ ਪਹਿਲਾਂ ਰੱਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਵੀ ਕਰਦੀ ਹੈ ਪਰ ਫਿਰ ਵੀ ਉਦੋਂ ਤੱਕ ਪੰਜਾਬ 'ਚ ਰਹੇਗਾ ਜਦੋਂ ਤੱਕ ਕੈਪਟਨ ਇਸ ਨੂੰ ਰੱਦ ਨਹੀਂ ਕਰ ਦਿੰਦਾ। ਉਨ੍ਹਾਂ ਕੈਪਟਨ ਅਮਰਿੰਦਰ ਵਲੋਂ ਬੀਤੇ ਦਿਨ ਕਿਸਾਨਾਂ ਨਾਲ ਲਗਾਏ ਧਰਨੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਤੁਸੀਂ 12 ਘੰਟੇ ਲਗਾਤਾਰ ਕਿਸਾਨਾਂ ਨਾਲ ਧੁੱਪ 'ਚ ਧਰਨੇ 'ਤੇ ਬੈਠਦੇ ਹੋ ਤਾਂ ਅਸੀਂ ਖ਼ੁਦ ਆ ਕੇ ਕਹਾਂਗੇ ਕਿ ਤੁਸੀਂ ਕਿਸਾਨਾਂ ਦੀ ਅਗਵਾਈ ਕਰਨ ਦੇ ਯੋਗ ਹੋ।