ਪੰਜਾਬ 'ਚ ਕਾਂਗਰਸੀ ਵਿਧਾਇਕ ਨਸ਼ਾ ਸਮੱਗਲਰਾਂ ਤੋਂ ਮਹੀਨਾ ਲੈਣ ਲੱਗੇ : ਸੁਖਬੀਰ ਬਾਦਲ

07/12/2019 3:22:49 PM

ਮੋਗਾ (ਗੋਪੀ ਰਾਊਕੇ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਸ਼ਹਿਰ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਹੁਕਮਰਾਨ ਧਿਰ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ 'ਚ ਦਿਨੋ-ਦਿਨ ਵੱਧ ਰਹੇ ਨਸ਼ੇ ਦਾ ਮੁੱਖ ਕਾਰਣ ਇਹ ਹੈ ਕਿ ਪੰਜਾਬ ਦੇ ਕਾਂਗਰਸੀ ਵਿਧਾਇਕ ਹੀ ਕਥਿਤ ਤੌਰ 'ਤੇ ਨਸ਼ਾ ਸਮੱਗਲਰਾਂ ਤੋਂ ਕਰੋੜ-ਕਰੋੜ ਰੁਪਏ ਮਹੀਨਾ ਲੈ ਕੇ ਉਨ੍ਹਾਂ ਨੂੰ ਨਸ਼ਾ ਵੇਚਣ ਦੀ ਖੁੱਲ੍ਹ ਦਿਵਾਉਣ ਲੱਗੇ ਹਨ। ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਪੂਰੀ ਤਰ੍ਹਾਂ ਨਾਲ ਭੰਗ ਹੋ ਗਿਆ ਹੈ ਅਤੇ ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੰਜਾਬ 'ਚ ਕੋਈ ਸਰਕਾਰ ਹੀ ਨਾ ਹੋਵੇ। ਸਰਕਾਰ ਨੇ ਆਮ ਲੋਕਾਂ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਪੰਜਾਬ ਹਿਤੈਸ਼ੀ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਪੁਰਾਣੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਜਾਵੇ ਉਸ ਤੋਂ ਕਿਸੇ ਵੀ ਤਰ੍ਹਾਂ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ 'ਤੇ ਕਾਂਗਰਸੀਆਂ ਦੀ ਸ਼ਹਿ 'ਤੇ ਝੂਠੇ ਪੁਲਸ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ 8 ਸਾਲ ਤੱਕ ਦੇ ਬੱਚੇ ਅਤੇ ਔਰਤਾਂ 'ਤੇ ਵੀ ਇਰਾਦਾ ਕਤਲ ਜਿਹੀਆਂ ਧਾਰਾਵਾਂ ਲਾ ਕੇ ਝੂਠੇ ਪੁਲਸ ਮਾਮਲੇ ਦਰਜ ਕੀਤੇ ਗਏ। ਉਨ੍ਹਾਂ 'ਚਿਤਾਵਨੀ' ਦਿੰਦਿਆਂ ਕਿਹਾ ਕਿ ਜਿਹੜੇ ਅਫ਼ਸਰ ਹੁਣ ਕਾਂਗਰਸੀਆਂ ਦੇ ਕਹਿਣ 'ਤੇ ਪੁਲਸ ਮਾਮਲੇ ਦਰਜ ਕਰ ਰਹੇ ਹਨ, ਉਨ੍ਹਾਂ ਦਾ ਅਕਾਲੀ ਸਰਕਾਰ ਹੋਂਦ 'ਚ ਆਉਣ 'ਤੇ ਜਿੱਥੇ ਹਿਸਾਬ-ਕਿਤਾਬ ਲਿਆ ਜਾਵੇਗਾ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਜਿਹੇ ਮਾਮਲੇ ਰੱਦ ਕਰਨ ਲਈ ਇਕ ਕਮਿਸ਼ਨ ਵੀ ਗਠਿਤ ਕੀਤਾ ਜਾਵੇਗਾ। ਉਨ੍ਹਾਂ ਧਰਨੇ ਦੌਰਾਨ ਹੋਏ ਵਿਸ਼ਾਲ ਇਕੱਠ ਦਾ ਸਿਹਰਾ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਦਿੱਤਾ।

ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਨੇ ਧਰਨੇ 'ਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਵਧੀਆਂ ਦਰਾਂ, ਵਿਗੜੀ ਅਮਨ ਕਾਨੂੰਨ ਦੀ ਸਥਿਤੀ ਅਤੇ ਹੱਦੋਂ ਵਧੇ ਨਸ਼ੇ ਕਰ ਕੇ ਪੰਜਾਬੀਆਂ 'ਚ ਸਰਕਾਰ ਪ੍ਰਤੀ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂਦੜ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਬਰਾੜ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਵੀ ਸੰਬੋਧਨ ਕੀਤਾ।

ਇਸ ਦੌਰਾਨ ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਕੌਂਸਲਰ ਵਿਜੇ ਭੁਸ਼ਣ ਟੀਟੂ, ਸੁਖਵਿੰਦਰ ਸਿੰਘ ਬਰਾੜ, ਹਰਿੰਦਰ ਸਿੰਘ ਰਣੀਆ, ਗੁਰਮੇਲ ਸਿੰਘ ਸੰਗਤਪੁਰਾ ਤੋਂ ਇਲਾਵਾ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਦੌਰਾਨ ਅਕਾਲੀ ਆਗੂਆਂ ਨੇ ਰੋਸ ਮਾਰਚ ਕਰਦਿਆਂ ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਰਾਜਪਾਲ ਦੇ ਨਾਂ ਇਕ ਮੰਗ-ਪੱਤਰ ਏ. ਡੀ. ਸੀ. ਮੋਗਾ ਨੂੰ ਦਿੱਤਾ। ਸਟੇਜ ਸੰਚਾਲਨ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਬਾਖੂਬੀ ਨਿਭਾਇਆ।


cherry

Content Editor

Related News