ਮੋਗਾ ਰੈਲੀ ਨੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ, ਸੁਖਬੀਰ ਬਾਦਲ ਦੀ ਪਾਰਟੀ ’ਤੇ ਪਕੜ ਹੋਈ ਮਜ਼ਬੂਤ

Thursday, Dec 16, 2021 - 11:09 AM (IST)

ਮੋਗਾ ਰੈਲੀ ਨੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ, ਸੁਖਬੀਰ ਬਾਦਲ ਦੀ ਪਾਰਟੀ ’ਤੇ ਪਕੜ ਹੋਈ ਮਜ਼ਬੂਤ

ਜਲੰਧਰ (ਲਾਭ ਸਿੰਘ ਸਿੱਧੂ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਮੋਗਾ ਦੇ ਪਿੰਡ ਕਿੱਲੀ ਚਹਿਲਾਂ ’ਚ ਕੀਤੀ ਗਈ ਲਾ-ਮਿਸਾਲ ਰੈਲੀ ਨੇ ਜਿਥੇ ਸਾਰੀਆਂ ਹੀ ਵਿਰੋਧੀ ਧਿਰਾਂ ਨੂੰ ਕੰਬਣੀ ਛੇੜ ਦਿੱਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ’ਤੇ ਮਜ਼ਬੂਤੀ ਦੀ ਮੋਹਰ ਵੀ ਲਾ ਦਿੱਤੀ ਹੈ। ਰੈਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਨੂੰ ਨਾ ਤਾਂ ਆਪਣੀ ਪਾਰਟੀ ’ਚੋਂ ਅਤੇ ਨਾ ਹੀ ਵਿਰੋਧੀ ਪਾਰਟੀਆਂ ਵੱਲੋਂ ਕੋਈ ਚੁਣੌਤੀ ਪੇਸ਼ ਕੀਤੀ ਜਾ ਸਕਦੀ ਹੈ। ਇਹ ਰੈਲੀ ਇਕੱਠ ਪੱਖੋਂ ਅੱਜ ਤੱਕ ਹੋਈਆਂ ਸਾਰੀਆਂ ਹੀ ਰਾਜਸੀ ਰੈਲੀਆਂ ਨੂੰ ਪਛਾੜ ਗਈ ਹੈ। ਇਸ ਰੈਲੀ ਨੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ।

ਸੁਖਬੀਰ ਬਾਦਲ ਨੇ ਪਿਛਲੇ 2 ਮਹੀਨਿਆਂ ਤੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਭਰਵੀਆਂ ਰੈਲੀਆਂ ਕਰਕੇ ਸੂਬੇ ਦੀ ਜਨਤਾ ਦਾ ਵਿਸ਼ਵਾਸ ਜਿੱਤਿਆ ਹੈ। ਸੁਖਬੀਰ ਬਾਦਲ ਦੀ ਮਿਹਨਤ ਨੇ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਸਲਿਆਂ ਨੂੰ ਬੁਲੰਦ ਕੀਤਾ ਹੈ, ਸਗੋਂ ਲੋਕ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਕਾਂਗਰਸ ਦੇ ਰਾਜ ਨਾਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਤੇ ਚੰਗੀ ਸੀ। ਸੁਖਬੀਰ ਬਾਦਲ ਨੇ 65 ਹਲਕਿਆਂ ’ਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਰੈਲੀਆਂ ਕਰਕੇ ਜਨਤਾ ਨੂੰ ਅਕਾਲੀ ਦਲ ਤੇ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਜਨਤਾ ਨੂੰ ਦੱਸਿਆ ਕਿ 10 ਸਾਲਾਂ ਵਿਚ ਅਕਾਲੀ ਸਰਕਾਰ ਨੇ ਸੂਬੇ ਵਿਚ ਕਿੰਨੇ ਵਿਕਾਸ ਕੰਮ ਕੀਤੇ ਸਨ। ਬਿਜਲੀ ਦੇ ਖੇਤਰ ਵਿਚ ਵੱਡੇ ਥਰਮਲ ਪਲਾਂਟ ਲਾ ਕੇ ਪੰਜਾਬ ਨੂੰ ਸਰਪਲੱਸ ਬਿਜਲੀ ਵਾਲਾ ਸੂਬਾ ਬਣਾਇਆ। ਸਾਰੇ ਵੱਡੇ ਸ਼ਹਿਰਾਂ ਨੂੰ ਚਹੁ-ਮਾਰਗੀ ਸੜਕਾਂ ਨਾਲ ਜੋੜਿਆ। ਸ਼ਹਿਰਾਂ ਵਿਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਵਾਈ। 4 ਏਅਰਪੋਰਟ ਬਣਾਏ ਤਾਂ ਕਿ ਲੋਕਾਂ ਨੂੰ ਆਵਾਜਾਈ ਦੀਆਂ ਚੰਗੀਆਂ ਸਹੂਲਤਾਂ ਮਿਲ ਸਕਣ। ਹੁਣ ਸੁਖਬੀਰ ਬਾਦਲ ਨੇ ਰੈਲੀਆਂ ਦੌਰਾਨ ਜਨਤਾ ਨੂੰ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਕੀਤੇ ਜਾਣ ਵਾਲੇ ਵਿਕਾਸ ਦੇ ਏਜੰਡੇ ਤੋਂ ਜਾਣੂ ਕਰਵਾਉਂਦਿਆਂ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਸਬੰਧੀ ਜਾਗਰੂਕ ਕੀਤਾ। ਅਕਾਲੀ ਦਲ ਵਲੋਂ ਲਿਆਂਦੇ ਗਏ 13 ਨੁਕਾਤੀ ਵਿਕਾਸ ਏਜੰਡੇ ਵਿਚ ਹਰ ਵਰਗ ਦੀ ਭਲਾਈ ਲਈ ਸਕੀਮਾਂ ਸ਼ਾਮਲ ਕੀਤੀਆਂ ਗਈਆਂ ਹਨ। ਸੁਖਬੀਰ ਬਾਦਲ ਦੇ ਵਿਰੋਧੀਆਂ ਨੂੰ ਵੀ ਮੰਨਣਾ ਪੈ ਰਿਹਾ ਹੈ ਕਿ ਉਹ ਜੋ ਕਹਿੰਦੇ ਹਨ, ਕਰ ਕੇ ਦਿਖਾਉਂਦੇ ਹਨ ਅਤੇ ਇਹੋ ਹੀ ਉਨ੍ਹਾਂ ਦੀ ਖੂਬੀ ਹੈ, ਜਿਸ ਕਰ ਕੇ ਲੋਕ ਉਨ੍ਹਾਂ ਦੇ ਮੁਰੀਦ ਬਣਨ ਲੱਗੇ ਹਨ। ਸੁਖਬੀਰ ਬਾਦਲ ਨਾ ਤਾਂ ਲੋਕਾਂ ਤੋਂ ਵਾਅਦਿਆਂ ਦੇ ਫਾਰਮ ਭਰਵਾਉਂਦੇ ਹਨ ਅਤੇ ਨਾ ਹੀ ਧਾਰਮਿਕ ਗ੍ਰੰਥਾਂ ਦੀ ਸਹੁੰ ਖਾ ਕੇ ਕੋਈ ਵਾਅਦਾ ਕਰਦੇ ਹਨ। ਉਹ ਕਹਿੰਦੇ ਹਨ ਕਿ ਅਕਾਲੀ ਦਲ ਦੇ ਲੀਡਰਾਂ ਦੀ ਜ਼ੁਬਾਨ ਹੀ ਕਾਫੀ ਹੈ। ਉਹ ਕਾਂਗਰਸ ਤੇ ਕੇਜਰੀਵਾਲ ਵਾਂਗ ਜਨਤਾ ਨਾਲ ਝੂਠੇ ਵਾਅਦੇ ਨਹੀਂ ਕਰਦੇ।

ਇਹ ਵੀ ਪੜ੍ਹੋ : ਜਲੰਧਰ ਦੇ ਨੈਸ਼ਨਲ ਹਾਈਵੇ ’ਤੇ ਅੱਧੀ ਰਾਤ ਨੂੰ ਨਿਕਲੋ ਤਾਂ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਅਕਾਲੀ ਦਲ ਨੂੰ ਦੂਜਾ ਸਭ ਤੋਂ ਵੱਡਾ ਫਾਇਦਾ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਖਾਨਾਜੰਗੀ ਕਰ ਕੇ ਵੀ ਹੋ ਰਿਹਾ ਹੈ। ਮੁੱਖ ਮੰਤਰੀ ਚੰਨੀ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਟੇਢੀ ਅੱਖ ਨਾਲ ਦੇਖਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਮੁੱਖ ਮੰਤਰੀ ਦਾ ਗੁਣਾ ਤਾਂ ਉਨ੍ਹਾਂ ’ਤੇ ਪੈਣਾ ਸੀ ਪਰ ਇਹ ਕਿਧਰੋਂ ਆ ਗਿਆ। ਦੂਜੇ ਕਾਂਗਰਸੀ ਨੇਤਾ ਸੁਨੀਲ ਜਾਖੜ ਦੀ ਨਾ ਤਾਂ ਮੁੱਖ ਮੰਤਰੀ ਚੰਨੀ ਨਾਲ ਅਤੇ ਨਾ ਹੀ ਸਿੱਧੂ ਨਾਲ ਬਣਦੀ ਹੈ। ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਮੰਤਰੀ ਜਿਥੇ ਇਕ-ਦੂਜੇ ਦੀ ਪੋਲ ਖੋਲ੍ਹ ਰਹੇ ਹਨ, ਉਥੇ ਕਾਂਗਰਸ ਦੇ ਨਿੱਤ ਨਵੇਂ ਕਿੱਸੇ ਵੀ ਜਨਤਾ ਸਾਹਮਣੇ ਆ ਰਹੇ ਹਨ। ਲੋਕ ਕਾਂਗਰਸ ਦੀ ਲੜਾਈ ਤੋਂ ਤੰਗ ਆਏ ਪਏ ਹਨ।

ਜ਼ਿਕਰਯੋਗ ਹੈ ਕਿ ਕਿੱਲੀ ਚਹਿਲਾਂ ’ਚ ਸ਼੍ਰੋਮਣੀ ਅਕਾਲੀ ਦਲ 2007, 2012 ਅਤੇ 2017 ਵਿਚ ਵੀ ਵੱਡੀਆਂ ਰਾਜਸੀ ਰੈਲੀਆਂ ਕਰ ਚੁੱਕਿਆ ਹੈ ਪਰ ਕੱਲ ਵਾਲੀ ਮੋਗਾ ਰੈਲੀ ਪਿਛਲੀਆਂ ਰੈਲੀਆਂ ਨਾਲੋਂ ਨਾ ਸਿਰਫ ਵੱਡੀ ਸੀ, ਸਗੋਂ ਉਸ ਵਿਚ ਪਹੁੰਚੇ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਕਿਤੇ ਜ਼ਿਆਦਾ ਬੁਲੰਦ ਸਨ। ਦਿਨ ਚੜ੍ਹਨ ਤੋਂ ਪਹਿਲਾਂ ਹੀ ਅਕਾਲੀ ਵਰਕਰ ਜਥਿਆਂ ਦੇ ਰੂਪ ਵਿਚ ਪੰਡਾਲ ਵਿਚ ਪਹੁੰਚ ਗਏ ਸਨ ਅਤੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਡਾਲ ਨੱਕੋ-ਨੱਕ ਭਰ ਗਿਆ ਸੀ। ਲੋਕ ਆਪ-ਮੁਹਾਰੇ ਸੜਕਾਂ ’ਤੇ ਤੁਰੇ ਫਿਰਦੇ ਸਨ। ਰੈਲੀ ਨੂੰ ਵੇਖ ਕੇ ਸੁਖਬੀਰ ਬਾਦਲ ਗਦਗਦ ਹੋ ਗਏ ਤੇ ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਦੀ ਹੀ ਹੋਵੇਗੀ। ਇਸ ਰੈਲੀ ਨੇ ਜਿਥੇ ਸੁਖਬੀਰ ਬਾਦਲ ਦਾ ਕੱਦ ਹੋਰ ਉੱਚਾ ਕੀਤਾ, ਉਥੇ ਇਹ ਵੀ ਸਿੱਧ ਕਰ ਦਿੱਤਾ ਕਿ ਸੁਖਬੀਰ ਬਾਦਲ ਦੀ ਪੰਜਾਬ ਦੇ ਲੋਕਾਂ ਦੇ ਮਨਾਂ ’ਤੇ ਪੂਰੀ ਪਕੜ ਹੈ ਅਤੇ ਇਸ ਸਬੰਧੀ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਪਾਏ ਜਾ ਰਹੇ ਭਰਮ-ਭੁਲੇਖੇ ਵੀ ਦੂਰ ਹੋ ਗਏ। ਰੈਲੀ ਦੇ ਵਿਸ਼ਾਲ ਇਕੱਠ ਨੇ ਅਕਾਲੀ ਦਲ-ਬਸਪਾ ਗੱਠਜੋੜ ਦੀ ਆਉਣ ਵਾਲੀ ਸਰਕਾਰ ’ਤੇ ਵੀ ਮੋਹਰ ਲਾ ਦਿੱਤੀ ਹੈ।


author

Anuradha

Content Editor

Related News