ਮੋਗਾ ਹੱਤਿਆਕਾਂਡ: ਅਦਾਲਤ ਨੇ ਕੁਲਵਿੰਦਰ ਸਿੰਘ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ

Tuesday, Feb 18, 2020 - 12:49 PM (IST)

ਮੋਗਾ ਹੱਤਿਆਕਾਂਡ: ਅਦਾਲਤ ਨੇ ਕੁਲਵਿੰਦਰ ਸਿੰਘ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ

ਮੋਗਾ (ਸੰਦੀਪ): ਪਿੰਡ ਸੈਦ ਜਲਾਲਪੁਰ ਵਿਖੇ 16 ਫਰਵਰੀ ਨੂੰ ਤੜਕਸਾਰ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਸ਼ਾਮਲ ਸਥਾਨਕ ਪੁਲਸ ਲਾਈਨ 'ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਕੁਲਵਿੰਦਰ ਸਿੰਘ ਨੂੰ ਅੱਜ ਸਥਾਨਕ ਜੁਡੀਸ਼ੀਅਲ ਕੰਪਲੈਕਸ ਵਿਖੇ ਸਿਵਲ ਜੱਜ ਸੀਨੀਅਰ ਡਵੀਜ਼ਨ ਮੈਡਮ ਦਲਜੀਤ ਕੌਰ ਦੀ ਅਦਾਲਤ ਵਿਚ ਥਾਣਾ ਧਰਮਕੋਟ ਦੇ ਮੁਖੀ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਮੋਗਾ ਜ਼ਿਲੇ ਦੇ ਪਿੰਡ ਸੈਦ ਜਲਾਲਪੁਰ 'ਚ ਸਰਕਾਰੀ ਏ. ਕੇ. 47 ਰਾਈਫਲ ਨਾਲ ਅੰਨ੍ਹੇਵਾਹ ਫਾਇਰਿੰਗ ਕਰ ਕੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਲਾਈਨ ਮੋਗਾ ਦੇ ਮੁਖੀ ਹੌਲਦਾਰ ਬਲਵੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਕੁਆਰਟਰ ਗਾਰਡ ਪੁਲਸ ਲਾਈਨ ਮੋਗਾ 'ਚ ਮੁਖੀ ਹੈ। ਬੀਤੀ 16 ਫਰਵਰੀ ਨੂੰ ਜਦ ਉਹ ਉਥੇ ਆ ਰਿਹਾ ਸੀ ਤਾਂ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਨੇ ਉਥੇ ਆ ਕੇ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੀ ਵਰਦੀ ਦੀ ਜੇਬ 'ਚੋਂ ਚਾਬੀਆਂ ਕੱਢੀਆਂ ਅਤੇ ਤਾਲਾ ਖੋਲ੍ਹ ਕੇ ਉਥੋਂ ਏ. ਕੇ. 47 ਰਾਈਫਲ, ਜਿਸ ਦਾ ਨੰਬਰ 0714 ਹੈ, ਦੇ ਇਲਾਵਾ ਤਿੰਨ ਮੈਗਜ਼ੀਨ ਅਤੇ 75 ਕਾਰਤੂਸ ਜ਼ਿੰਦਾ ਚੋਰੀ ਕੀਤੇ ਅਤੇ ਉਥੋਂ ਚਲਾ ਗਿਆ ਅਤੇ ਮੈਨੂੰ ਉਸ ਨੇ ਇਸ ਦੀ ਜਾਣਕਾਰੀ ਵੀ ਨਹੀਂ ਦਿੱਤੀ। ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਏ. ਕੇ. 47 ਰਾਈਫਲ ਲੈ ਕੇ ਕਥਿਤ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਆਪਣੇ ਸਹੁਰੇ ਪਿੰਡ ਪੁੱਜਾ ਅਤੇ ਉਥੇ ਆਪਣੀ ਪਤਨੀ ਰਾਜਵਿੰਦਰ ਕੌਰ, ਸੱਸ ਸਤਵਿੰਦਰ ਕੌਰ, ਸਾਲਾ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਵਿਚ ਉਸ ਦੇ ਸਾਲੇ ਦੀ ਛੋਟੀ ਬੇਟੀ ਜਸਪ੍ਰੀਤ ਕੌਰ ਵੀ ਜ਼ਖਮੀ ਹੋ ਗਈ ਸੀ, ਜੋ ਹਸਪਤਾਲ ਵਿਚ ਇਲਾਜ ਅਧੀਨ ਹੈ। ਘਟਨਾ ਤੋਂ ਬਾਅਦ ਕਥਿਤ ਦੋਸ਼ੀ ਹੌਲਦਾਰ ਨੇ ਥਾਣਾ ਧਰਮਕੋਟ 'ਚ ਜਾ ਕੇ ਸਰੰਡਰ ਕਰ ਦਿੱਤਾ ਅਤੇ ਅਸਲਾ ਵੀ ਸੌਂਪ ਦਿੱਤਾ। ਉਕਤ ਮਾਮਲੇ ਵਿਚ ਥਾਣਾ ਸਿਟੀ ਮੋਗਾ ਵੱਲੋਂ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।


author

Shyna

Content Editor

Related News