4 ਜੀਆਂ ਦੀ ਇਕੱਠਿਆਂ ਜਲੀ ਚਿਤਾ, ਕੈਨੇਡਾ ਤੋਂ ਆਈ ਭੈਣ ਨੇ ਸਿਹਰਾ ਲਾ ਤੋਰਿਆ ਭਰਾ
Tuesday, Aug 06, 2019 - 06:40 PM (IST)
ਮੋਗਾ : ਪਿਛਲੇ ਦਿਨੀਂ 3 ਅਗਸਤ ਦੀ ਅੱਧੀ ਰਾਤ ਨੂੰ ਪਰਿਵਾਰ ਦਾ ਕਤਲ ਕਰਨ ਮਗਰੋਂ ਆਤਮਹੱਤਿਆ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਸਣੇ ਮੰਗਲਵਾਰ ਨੂੰ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੈਨੇਡਾ ਤੋਂ ਆਈ ਭੈਣ ਅਮਰਜੀਤ ਕੌਰ ਵਲੋਂ ਭਰਾ ਸਨਦੀਪ ਸਿੰਘ ਉਰਫ ਸੰਨੀ (27) ਦੇ ਸਿਹਰਾ ਲਗਾ ਕੇ ਵਿਦਾ ਕੀਤਾ ਗਿਆ। ਇਸ ਤੋਂ ਪਹਿਲਾਂ ਨੌਜਵਾਨ ਵਲੋਂ ਕਤਲ ਕੀਤੀ ਗਈ ਭੈਣ ਅਮਨਜੋਤ ਕੌਰ ਅਤੇ ਭਾਣਜੀ ਅਮਨੀਤ ਕੌਰ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਅਮਨੀਤ ਦੇ ਸਹੁਰਿਆਂ ਵਲੋਂ ਪਿੰਡ ਸਹਿਜ਼ਾਦੀ (ਫਿਰੋਜ਼ਪੁਰ) ਵਿਖੇ ਕਰ ਦਿੱਤਾ ਗਿਆ ਸੀ।
ਘਟਨਾ 3 ਅਗਸਤ ਅੱਧੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ, ਇਸ ਦੌਰਾਨ ਸਨਦੀਪ ਨੇ ਚੋਰੀ ਦੀ ਪਿਸਤੌਲ ਨਾਲ ਪਹਿਲਾਂ ਵਾਰੀ-ਵਾਰੀ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਕਤਲ ਕੀਤਾ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ।
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਨਦੀਪ ਨੇ 19 ਪੰਨਿਆਂ ਦਾ ਖੁਦਕੁਸ਼ੀ ਨੋਟ ਵੀ ਲਿਖਿਆ, ਜਿਸ ਵਿਚ ਸਨਦੀਪ ਨੇ ਇਸ ਘਟਨਾ ਬਾਰੇ ਖੁਲਾਸਾ ਕਰਦੇ ਹੋਏ ਲਿਖਿਆ ਕਿ ਪਰਿਵਾਰ ਉਸ ਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਉਹ ਸਰੀਰਕ ਕਮਜ਼ੋਰੀ ਕਾਰਨ ਵਿਆਹ ਨਹੀਂ ਸੀ ਕਰਨਾ ਚਾਹੁੰਦਾ ਅਤੇ ਹਾਲਾਤ ਅਜਿਹੇ ਬਣ ਗਏ ਕਿ ਉਸ ਨੂੰ ਮਜਬੂਰੀਵੱਸ ਇਹ ਕਦਮ ਚੁੱਕਣਾ ਪਿਆ। ਇਸ ਵਾਰਦਾਤ ਵਿਚ ਸਨਦੀਪ ਨੇ ਪਹਿਲਾਂ ਮਾਤਾ-ਪਿਤਾ, ਦਾਦੀ, ਭੈਣ ਅਤੇ ਭਾਣਜੀ ਨੂੰ ਕਤਲ ਕੀਤਾ ਅਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ।