ਮੋਗਾ ਜ਼ਿਲ੍ਹੇ ''ਚ 16 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

08/07/2020 11:24:00 PM

ਮੋਗਾ,(ਸੰਦੀਪ ਸ਼ਰਮਾ)-ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਮੋਗਾ ਵਿਚ 16 ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਮੋਗਾ ਵਿਚ ਕੋਰੋਨਾ ਦੇ ਕੁੱਲ 540 ਕੇਸ ਹੋ ਗਏ ਹਨ। ਉਥੇ ਹੀ ਹੁਣ ਤੱਕ ਜ਼ਿਲੇ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 247 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅਜੇ ਤੱਕ ਜ਼ਿਲੇ ਵਿਚ 27 ਹਜ਼ਾਰ 135 ਲੋਕਾਂ ਦੇ ਕੋਰੋਨਾ ਟੈਸਟ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 25674 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਅਤੇ ਫਿਲਹਾਲ 660 ਲੋਕਾਂ ਦੀ ਰਿਪੋਰਟ ਆਉਣਾ ਅਜੇ ਵੀ ਬਾਕੀ ਹੈ।

ਇਸ ਦੇ ਇਲਾਵਾ ਅੱਜ ਜ਼ਿਲੇ ਵਿਚ ਨਵੇਂ 16 ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਮੋਗਾ ਸ਼ਹਿਰ ਦੇ ਰੂਪਾ ਪੱਤੀ, ਗਿੱਲ ਰੋਡ, ਸੂਰਜ ਨਗਰ ਅਤੇ ਕਸਬਾ ਧਰਮਕੋਟ, ਪਿੰਡ ਦਾਤੇਵਾਲ, ਡਗਰੂ, ਕਸਬਾ ਕੋਟ ਈਸੇ ਖਾਂ ਅਤੇ ਪਿੰਡ ਚੁਗਾਵਾਂ ਨਾਲ ਸਬੰਧਿਤ ਹਨ। ਇਸ ਦੇ ਨਾਲ ਸਿਹਤ ਵਿਭਾਗ ਦੀ ਟੀਮ ਵਲੋਂ 53 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਟੈਸਟ ਲਈ ਭੇਜੇ ਗਏ ਹਨ। ਪੀੜਤ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਕਰਨ ਸਮੇਤ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਟ ਕੀਤਾ ਗਿਆ ਹੈ, ਉਥੇ ਜ਼ਿਲੇ ਵਿਚ ਸਾਹਮਣੇ ਆਏ ਕੋਰੋਨਾ ਪੀੜਤ ਕਿਸੇ ਵੀ ਮਰੀਜ਼ ਦੀ ਹਾਲਤ ਫਿਲਹਾਲ ਗੰਭੀਰ ਨਹੀਂ ਹੈ।

ਟਰਿਊ ਨੈਟ ਮਸ਼ੀਨ ਹੋਈ ਖਰਾਬ, ਮਰੀਜ਼ ਪ੍ਰੇਸ਼ਾਨ
ਕੋਰੋਨਾ ਜਾਂਚ ਲਈ ਸਿਹਤ ਵਿਭਾਗ ਵਲੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਕੋਰੋਨਾ ਟੈਸਟ ਲਈ ਪਹੁੰਚਣ ਵਾਲੇ ਅਤੇ ਇਸ ਦੀ ਰਿਪੋਰਟ ਜਲਦੀ ਹਾਸਲ ਕਰਨ ਦੇ ਇੱਛੁਕ ਜ਼ਿਆਦਾਤਰ ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਐੱਨ. ਆਰ. ਆਈਜ਼ ਸ਼ਾਮਲ ਹਨ, ਦੀ ਕੋਰੋਨਾ ਜਾਂਚ ਲਈ ਜਾਂ ਫਿਰ ਕਿਸੇ ਵੀ ਵੀ. ਆਈ. ਪੀ. ਦੀ ਜਾਂਚ ਲਈ ਸਰਕਾਰ ਵਲੋਂ ਜ਼ਿਲਾ ਪੱਧਰੀ ਹਸਪਤਾਲਾਂ ਵਿਚ ਟਰਿਊ ਨੈਟ ਮਸ਼ੀਨ ਲਗਾਈ ਗਈ ਹੈ। ਪਿਛਲੇ ਦੋ ਦਿਨਾਂ ਤੋਂ ਜ਼ਿਲਾ ਪੱਧਰੀ ਹਸਪਤਾਲ ਵਿਚ ਫਿਟ ਕੀਤੀ ਗਈ ਇਸ ਮਸ਼ੀਨ ਵਿਚ ਤਕਨੀਕੀ ਖਰਾਬੀ ਆਉਣ ਨਾਲ ਇਸ ਮਸ਼ੀਨ ਨਾਲ ਟੈਸਟ ਨਹੀਂ ਹੋ ਰਹੇ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਬੰਧਤ ਕੰਪਨੀ ਨੂੰ ਕਰਵਾ ਦਿੱਤੀ ਗਈ ਹੈ ਆਨਲਾਈਨ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ : ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਟਰਿਊ ਨਾਟ ਮਸ਼ੀਨ ਵਿਚ ਪਿਛਲੇ ਦੋ ਦਿਨਾਂ ਤੋਂ ਕੁੱਝ ਤਕਨੀਕੀ ਖਰਾਬੀ ਆਉਣ ਕਾਰਨ ਇਸ ਮਸ਼ੀਨ ਨਾਲ ਕੋਰੋਨਾ ਟੈਸਟ ਸੰਭਵ ਨਹੀਂ ਹੋ ਰਹੇ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਕੋਰੋਨਾ ਟੈਸਟ ਕਰਨ 'ਤੇ ਰਿਪੋਰਟ ਕੁੱਝ ਹੀ ਘੰਟਿਆਂ ਵਿਚ ਮਿਲ ਸਕਦੀ ਸੀ। ਇਸ ਮਸ਼ੀਨ ਨਾਲ ਰੋਜ਼ਾਨਾ 12 ਤੋਂ 15 ਟੈਸਟ ਕੀਤੇ ਜਾਂਦੇ ਹਨ ਅਤੇ ਅੱਜ ਤੱਕ ਇਸ ਮਸ਼ੀਨ ਨਾਲ 349 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਬੰਧਤ ਕੰਪਨੀ ਨੂੰ ਆਨਲਾਈਨ ਸ਼ਿਕਾਇਤ ਕਰ ਦਿੱਤੀ ਗਈ ਹੈ, ਜਲਦੀ ਹੀ ਮਸ਼ੀਨ ਠੀਕ ਹੋ ਕੇ ਆ ਜਾਵੇਗੀ।
 


Deepak Kumar

Content Editor

Related News