ਬਹਾਨੇ ਨਾਲ ਘਰ ਬੁਲਾ ਕੇ ਡਾਕਟਰ ਨੂੰ ਬੇਰਹਿਮੀ ਨਾਲ ਕੁੱਟਿਆ, ਪੰਚਾਇਤ ਨੇ ਬਚਾਈ ਜਾਨ

Saturday, Jul 25, 2020 - 10:22 AM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਮਸੀਤਾਂ ਵਿਖੇ ਤਾਇਨਾਤ ਵੈਟਨਰੀ ਡਾਕਟਰ ਸੁਖਵਿੰਦਰ ਸਿੰਘ ਨੂੰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਧੋਖੇ ਨਾਲ ਘਰ ਬੁਲਾ ਕੇ ਉਸ ਨੂੰ ਅਗਵਾ ਕਰਨ ਤੋਂ ਬਾਅਦ ਬੰਧਕ ਬਣਾ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੀਤੀ ਅਤੇ ਉਸ ਨੂੰ ਜ਼ਖਮੀਂ ਕਰ ਦਿੱਤਾ, ਜਿਸ ਤੋਂ ਬਾਅਦ ਡਾਕਟਰ ਨੂੰ ਪੰਚਾਇਤ ਮੈਂਬਰ ਅਤੇ ਲੋਕਾਂ ਦੀ ਮਦਦ ਨਾਲ ਅਗਵਾਕਾਰਾਂ ਦੇ ਚੁੰਗਲ 'ਚੋਂ ਛੁਡਵਾਇਆ ਗਿਆ। ਕੋਟ ਈਸੇ ਖਾਂ ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਰਮਜੀਤ ਸਿੰਘ ਉਰਫ ਪੰਮਾ, ਜੋਬਨਪ੍ਰੀਤ ਸਿੰਘ ਉਰਫ ਜਸ਼ਨ ਵਾਸੀ ਪਿੰਡ ਮਸੀਤਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਗਿਆ ਹੈ।
ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਵੈਟਨਰੀ ਹਸਪਤਾਲ 'ਚ ਤਾਇਨਾਤ ਹੈ, ਨੂੰ ਕਥਿਤ ਦੋਸ਼ੀਆਂ ਨੇ ਰਸਤੇ 'ਚ ਰੋਕ ਕੇ ਕਿਹਾ ਕਿ ਉਨ੍ਹਾਂ ਦੀ ਮੱਝ ਨੂੰ ਟੀਕਾ ਲਗਾਉਣਾ ਹੈ ਅਤੇ ਉਸ ਨੂੰ ਘਰ ਲੈ ਗਏ ਅਤੇ ਕਮਰੇ 'ਚ ਬੰਦ ਕਰ ਕੇ ਬੰਧਕ ਬਣਾ ਲਿਆ, ਫਿਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਵੀ ਦਿੱਤੀਆਂ। ਪੰਚਾਇਤ ਮੈਂਬਰਾਂ ਨੂੰ ਪਤਾ ਲੱਗਣ ’ਤੇ ਉੱਥੇ ਛਿੰਦਰ ਕੌਰ ਮੈਂਬਰ ਪੰਚਾਇਤ, ਚੰਚਲ ਸਿੰਘ ਪੰਚਾਇਤ ਮੈਂਬਰ, ਗੁਰਮੇਹਰ ਸਿੰਘ ਸਾਬਕਾ ਮੈਂਬਰ ਦੇ ਇਲਾਵਾ ਪਿੰਡ ਦੇ ਲੋਕ ਭਾਰੀ ਗਿਣਤੀ 'ਚ ਇਕੱਠੇ ਹੋ ਗਏ, ਜਿਨ੍ਹਾਂ ਨੇ ਦੋਸ਼ੀਆਂ ਦੇ ਚੁੰਗਲ 'ਚੋਂ ਡਾਕਟਰ ਨੂੰ ਛੁਡਵਾਇਆ।
ਦੋਸ਼ੀਆਂ ਨੂੰ ਸ਼ੱਕ ਸੀ ਕਿ ਇਕ ਔਰਤ ਦੇ ਘਰੋਂ ਜਾਣ ਦੇ ਮਾਮਲੇ 'ਚ ਵੈਟਨਰੀ ਡਾਕਟਰ ਉਨ੍ਹਾਂ ਦੀ ਪਿੰਡ 'ਚ ਬਦਨਾਮੀ ਕਰ ਰਿਹਾ ਹੈ। ਇਸੇ ਰੰਜਿਸ਼ ਕਾਰਨ ਉਨ੍ਹਾਂ ਵੈਟਨਰੀ ਡਾਕਟਰ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Babita

Content Editor

Related News