ਇਨਸਾਨੀਅਤ ਸ਼ਰਮਸਾਰ : 55 ਸਾਲਾ ਵਿਅਕਤੀ ਵੱਲੋਂ 2 ਸਾਲਾ ਬੱਚੀ ਨਾਲ ਜਬਰ-ਜ਼ਨਾਹ

Thursday, Jun 06, 2019 - 01:36 PM (IST)

ਇਨਸਾਨੀਅਤ ਸ਼ਰਮਸਾਰ : 55 ਸਾਲਾ ਵਿਅਕਤੀ ਵੱਲੋਂ 2 ਸਾਲਾ ਬੱਚੀ ਨਾਲ ਜਬਰ-ਜ਼ਨਾਹ

ਮੋਗਾ (ਵਿਪਨ, ਗੋਪੀ ਰਾਊਕੇ) : ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਚਿਰਾਗਸ਼ਾਹ ਵਾਲਾ ਵਿਖੇ ਇਕ 2 ਸਾਲਾ ਬੱਚੀ ਨਾਲ 55 ਸਾਲਾ ਵਿਅਕਤੀ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬਾਜੇ ਕੇ ਪਿੰਡ ਰਹਿੰਦੇ ਹਨ। ਪਿਛਲੇ ਦੋ-ਚਾਰ ਦਿਨਾਂ ਤੋਂ ਉਹ ਆਪਣੀ ਨਨਾਣ ਕੋਲ ਚਿਰਾਗ ਸ਼ਾਹ ਵਾਲਾ ਪਿੰਡ ਆਏ ਹੋਏ ਸਨ। ਬੀਤੀ ਰਾਤ 8 ਕੁ ਵਜੇ ਉਹ ਆਪਣੀ ਨਨਾਣ ਨਾਲ ਮਿੱਟੀ ਪਾਉਣ ਦਾ ਕੰਮ ਕਰ ਰਹੀ ਸੀ। ਉਸ ਵੇਲੇ ਗੁਆਂਢ ਵਿਚ ਰਹਿੰਦਾ ਭਜਨ ਸਿੰਘ ਨਾਮਕ ਵਿਅਕਤੀ ਉਨ੍ਹਾਂ ਦੀ 2 ਸਾਲਾ ਬੱਚੀ ਨੂੰ ਖਿਡਾਉਣ ਦੇ ਬਹਾਨੇ ਲੈ ਗਿਆ। ਜਦੋਂ 10 ਵਜੇ ਤੱਕ ਉਹ ਵਾਪਸ ਨਾ ਪਰਤੇ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਥਾਣਾ ਕੋਟ ਈਸੇ ਖਾਂ ਵਿਚ ਸੰਪਰਕ ਕੀਤਾ ਗਿਆ। ਜਦੋਂ ਤੱਕ ਉਨ੍ਹਾਂ ਦੀ ਭਾਲ ਕੀਤੀ ਗਈ, ਉਦੋਂ ਤੱਕ ਮੁਲਜ਼ਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ। ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਥਾਣਾ ਕੋਟ ਈਸੇ ਖਾਂ ਦਵਿੰਦਰ ਪ੍ਰਕਾਸ਼ ਅਤੇ ਪੁਲਸ ਪਾਰਟੀ ਵਲੋਂ ਬੱਚੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ, ਜਿੱਥੇ ਜਬਰ- ਜ਼ਨਾਹ ਦੀ ਪੁਸ਼ਟੀ ਕੀਤੀ ਗਈ। ਪੁਲਸ ਵਲੋਂ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਭਜਨ ਸਿੰਘ ਵਾਸੀ ਚਿਰਾਗਸ਼ਾਹ ਵਾਲਾ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ।

ਜਦੋਂ ਕੁਝ ਪਿੰਡ ਵਾਸੀਆਂ ਨੇ ਧਰਨਾ ਲਾਉਣ ਦੀ ਕੀਤੀ ਕੋਸ਼ਿਸ਼ : ਇਸ ਜਬਰ ਜ਼ਨਾਹ ਦੇ ਰੋਸ ਵਜੋਂ ਜਦੋਂ ਬਾਜੇ ਕੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਕਸਬਾ ਕੋਟ ਈਸੇ ਖਾਂ ਦੇ ਗੋਲ ਚੌਕ ਵਿਚ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐੱਸ. ਐੱਚ. ਓ. ਕੋਟ ਈਸੇ ਖਾਂ ਦਵਿੰਦਰ ਪ੍ਰਕਾਸ਼ ਨੇ ਧਰਨਾਕਾਰੀਆਂ ਨੂੰ ਆ ਕੇ ਸਮਝਾਇਆ ਕਿ ਉਸ ਵਿਅਕਤੀ ਵਿਰੁੱਧ ਪਰਚਾ ਕੱਟ ਕੇ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ, ਇਸ ਲਈ ਧਰਨਾ ਲਾਉਣ ਦਾ ਕੋਈ ਤੁੱਕ ਨਹੀਂ ਬਣਦਾ। ਕਾਨੂੰਨ ਮੁਤਾਬਕ ਅੱਗੇ ਦੀ ਜੋ ਕਾਰਵਾਈ ਹੋਵੇਗੀ ਉਹ ਵੀ ਕੀਤੀ ਜਾਵੇਗੀ।


author

cherry

Content Editor

Related News