ਪੰਜਾਬ: ਤੇਜ਼ ਰਫ਼ਤਾਰ ਵਾਹਨਾਂ ਨੇ ਦਰੜੀਆਂ 2 ਜ਼ਿੰਦਗੀਆਂ
Thursday, Jun 04, 2026 - 12:07 PM (IST)
ਅੰਮ੍ਰਿਤਸਰ (ਰਮਨ)- ਅੰਮ੍ਰਿਤਸਰ ਦਾ ਮਕਬੂਲਪੁਰਾ ਬਾਈਪਾਸ ਅਤੇ ਜੀ. ਟੀ. ਰੋਡ ਇਲਾਕਾ ਹੁਣ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਕਾਰਨ ਸੜਕੀ ਹਾਦਸਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਬੀਤੇ ਦਿਨੀਂ ਇਸੇ ਇਲਾਕੇ ਵਿਚ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਵਿਚ ਇਕ ਮੁਟਿਆਰ ਅਤੇ ਇਕ ਵਿਆਹੁਤਾ ਔਰਤ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਦੋਵਾਂ ਮਾਮਲਿਆਂ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ
ਪਹਿਲਾ ਹਾਦਸਾ: ਤੇਜ਼ ਰਫ਼ਤਾਰ ਟਰਾਲੇ ਨੇ 2 ਭੈਣਾਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਚਾਲਕ ਗ੍ਰਿਫ਼ਤਾਰ
ਮਕਬੂਲਪੁਰਾ ਇਲਾਕੇ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਨੌਜਵਾਨ ਕੁੜੀ ਦੀ ਮੌਤ ਹੋ ਗਈ। ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮਾਮਲੇ ਵਿਚ ਕਾਰਵਾਈ ਕਰਦਿਆਂ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਵਾਹਨ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਿਚਾ ਪਤਨੀ ਸਵਰਗੀ ਬਲਜਿੰਦਰ ਸਿੰਘ ਵਾਸੀ ਨੇੜੇ ਬਾਬਾ ਦੀਪ ਸਿੰਘ ਸਕੂਲ, ਜੀ. ਟੀ. ਰੋਡ, ਦਬੁਰਜੀ, ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੀ ਭੈਣ ਸਿਮਰਨ ਕੌਰ ਨਾਲ 1 ਜੂਨ ਨੂੰ ਸ਼ਾਮ ਕਰੀਬ 6:15 ਵਜੇ ਡੀ-ਮਾਰਟ ਵੱਲਾ ਬਾਈਪਾਸ ਵੱਲ ਜਾ ਰਹੀਆਂ ਸਨ। ਜਦੋਂ ਉਹ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੰਬਰ ਪੀਬੀ-03-ਏ ਐਕਸ-9587 ਨੇ ਕਥਿਤ ਤੌਰ ’ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸਿਮਰਨ ਕੌਰ ਟਰਾਲੇ ਹੇਠਾਂ ਆ ਗਈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ, ਵੱਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮਕਬੂਲਪੁਰਾ ਦੀ ਪੁਲਸ ਨੇ ਰਿਚਾ ਦੇ ਬਿਆਨਾਂ ਦੇ ਆਧਾਰ ’ਤੇ ਟਰਾਲਾ ਚਾਲਕ ਰਣਬੀਰ ਸਿੰਘ ਉਰਫ਼ ਰਾਣਾ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਸੇਂਰੋ, ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਦਲ ਸਕਦਾ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਵੱਡੀ ਅਪਡੇਟ
ਦੂਜਾ ਹਾਦਸਾ: ਬਿਨਾਂ ਨੰਬਰੀ ਤੇਜ਼ ਰਫ਼ਤਾਰ ਕਾਰ ਨੇ ਸਕੂਟਰ ਸਵਾਰ ਔਰਤ ਨੂੰ ਦਰੜਿਆ, ਮੌਤ
ਮਕਬੂਲਪੁਰਾ ਇਲਾਕੇ ਵਿਚ ਹੀ ਵਾਪਰੇ ਇੱਕ ਹੋਰ ਦਰਦਨਾਕ ਸੜਕ ਹਾਦਸੇ ਦੌਰਾਨ ਸਕੂਟਰ ਸਵਾਰ ਵਿਆਹੁਤਾ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਗਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮਕਾਨ ਨੰਬਰ 240, ਰਾਣਾ ਗਾਰਡਨ, ਜੀ. ਟੀ. ਰੋਡ, ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਸ਼ਰਨਜੀਤ ਕੌਰ ਨਾਲ ਬੈਂਕ ਆਫ਼ ਬੜੌਦਾ ਤੋਂ ਆਪਣਾ ਕੰਮ ਖਤਮ ਕਰਕੇ ਵਾਪਸ ਆ ਰਹੇ ਸਨ। ਕਰੀਬ 11 ਵਜੇ ਜਦੋਂ ਉਹ ਆਪਣੇ ਬਜਾਜ ਚੇਤਕ ਸਕੂਟਰ ’ਤੇ ਸਫ਼ਰ ਕਰ ਰਹੇ ਸਨ ਤਾਂ ਪਿੱਛੋਂ ਆ ਰਹੀ ਇਕ ਬਿਨਾਂ ਨੰਬਰ ਵਾਲੀ ਵਰਨਾ ਕਾਰ ਨੇ ਤੇਜ਼ ਰਫ਼ਤਾਰ ਅਤੇ ਕਥਿਤ ਲਾਪ੍ਰਵਾਹੀ ਨਾਲ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਆਸ-ਪਾਸ ਮੌਜੂਦ ਰਾਹਗੀਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਨੂੰਹ ਸ਼ਰਨਜੀਤ ਕੌਰ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਰਨਾ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਮਗਰੋਂ ਫਰਾਰ ਹੋਏ ਕਾਤਲ
ਲੋਕਾਂ ਵਿਚ ਭਾਰੀ ਰੋਸ, ਪੁਲਸ ਦੀ ਸਖ਼ਤੀ ਲਾਜ਼ਮੀ
ਇਨ੍ਹਾਂ ਲਗਾਤਾਰ ਹੋ ਰਹੇ ਭਿਆਨਕ ਹਾਦਸਿਆਂ ਕਾਰਨ ਸਥਾਨਕ ਲੋਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਈਵੇਅ ਅਤੇ ਬਾਈਪਾਸ ’ਤੇ ਤੇਜ਼ ਰਫ਼ਤਾਰ ਵਾਹਨਾਂ ’ਤੇ ਪ੍ਰਸ਼ਾਸਨ ਵੱਲੋਂ ਕੋਈ ਲਗਾਮ ਨਹੀਂ ਕਸੀ ਜਾ ਰਹੀ। ਥਾਣਾ ਮਕਬੂਲਪੁਰਾ ਦੀ ਪੁਲਸ ਨੇ ਦੱਸਿਆ ਕਿ ਕਾਰ ਹਾਦਸੇ ਦੇ ਅਣਪਛਾਤੇ ਚਾਲਕ ਦੀ ਭਾਲ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸ਼ਹਿਰ ਦੇ ਇਸ ਹਿੱਸੇ ਵਿਚ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
