ਮੋਗਾ ਜ਼ਿਮਨੀ ਚੋਣ : ਵਾਰਡ ਨੰ. 25 ''ਚ ਵੋਟਾਂ ਪੈਣੀਆਂ ਸ਼ੁਰੂ
Saturday, Feb 24, 2018 - 10:04 AM (IST)

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) — ਨਗਰ ਨਿਗਮ ਮੋਗਾ ਦੇ ਵਾਰਡ ਨੰ 25 'ਚ ਮੌਜੂਦਾ ਕਾਊਂਸਲਰ ਦੀ ਮੌਤ ਤੋਂ ਬਾਅਦ ਅੱਜ ਹੋ ਰਹੀ ਜ਼ਿਮਨੀ ਚੋਣ ਦੌਰਾਨ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਦਾ ਕੰਮ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਸ ਵਾਰਡ ਦੇ 'ਚ ਕੁੱਲ 958 ਵੋਟਰ ਆਪਣੇ ਨਵੇਂ ਕੌਂਸਲਰ ਦੀ ਚੋਣ ਕਰਨਗੇ। ਅੱਜ ਹੋ ਰਹੇ ਜ਼ਿਮਨੀ ਚੋਣ 'ਚ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਗੁਰਵਿੰਦਰ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਰ ਬੇਅੰਤ ਕੌਰ ਅਤੇ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਮੌਜੂਦਾ ਸੱਤਾਧਾਰੀ ਪਾਰਟੀ ਕਾਂਗਰਸ ਲਈ ਇਜ਼ਤ ਦਾ ਸਵਾਲ ਬਣੀ ਇਸ ਚੌਣ ਦੌਰਾਨ ਮੁੱਖ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਵਾਰਡ 'ਚ ਆਪਣੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਸ਼ਾਮ 5 ਵਜੇ ਤਕ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜੇਤੂ ਉਮੀਦਵਾਰ ਦਾ ਨਾਂ ਐਲਾਨ ਦਿੱਤਾ ਜਾਵੇਗਾ। ਦੇਖਣਾ ਇਹ ਹੋਵੇਗਾ ਕਿ ਮੋਗਾ ਦੀ ਸਿਆਸਤ 'ਚ ਕਿਹੜੀ ਪਾਰਟੀ ਬਾਜੀ ਮਾਰਨ 'ਚ ਸਫਲ ਰਹਿੰਦੀ ਹੈ।