ਮੋਗਾ ਬਲਾਸਟ ਮਾਮਲਾ, ਜਲੰਧਰ ਦੇ ਹੋਟਲ 'ਚ ਤਿਆਰ ਕੀਤੇ ਗਏ ਸਨ ਬੰਬ

Friday, Oct 05, 2018 - 11:21 AM (IST)

ਜਲੰਧਰ / ਮੋਗਾ (ਓਂਕਾਰਾ,ਅਾਜ਼ਾਦ, ਗੋਪੀ ਰਾਊਕ) — ਮੋਗਾ ਪੁਲਸ ਨੇ 26 ਸਤੰਬਰ ਨੂੰ ਚੈਂਬਰ ਰੋਡ ਮੋਗਾ ’ਤੇ ਸਥਿਤ ਇਕ ਕੋਰੀਅਰ ਦੁਕਾਨ ’ਚ ਹੋਏ ਬੰਬ ਬਲਾਸਟ ਮਾਮਲਾ 7 ਦਿਨਾਂ ’ਚ ਹੱਲ ਕਰ ਕੇ ਮੁੱਖ ਦੋਸ਼ੀ ਰਾਜਵੀਰ ਸਿੰਘ ਰਾਜੇਆਣਾ ਉਰਫ ਰਾਜ ਨੂੰ ਉਡ਼ੀਸਾ ਤੋਂ ਗ੍ਰਿਫਤਾਰ ਕਰ ਕੇ ਉਸ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਸ ਦਾ 5 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਮੋਗਾ ਦੇ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ  ਕਿਹਾ ਕਿ ਮੋਗਾ ਚੈਂਬਰ ਰੋਡ ’ਤੇ ਸੂਦ ਕੋਰੀਅਰ ਦੀ ਦੁਕਾਨ ’ਚ ਬੰਬ ਬਲਾਸਟ ਹੋਇਆ ਸੀ, ਜੋ ਸੰਗਰੂਰ ਦੇ ਇਕ ਵਪਾਰੀ ਨੂੰ ਭੇਜਣ ਲਈ ਦਿੱਤਾ ਗਿਆ ਸੀ, ਜਿਸ ’ਤੇ ਥਾਣਾ ਸਿਟੀ ਮੋਗਾ ਵਲੋਂ ਵਿਕਾਸ ਸੂਦ ਦੇ ਬਿਆਨਾਂ ’ਤੇ 26 ਸਤੰਬਰ ਨੂੰ ਅਣਪਛਾਤੇ ਵਿਅਕਤੀ  ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਘਟਨਾ ’ਚ ਵਿਕਾਸ ਸੂਦ ਅਤੇ ਰਾਕੇਸ਼ ਕੁਮਾਰ ਜ਼ਖਮੀ ਹੋ ਗਏ ਸਨ।

ਉਪਰੋਕਤ ਅਧਿਕਾਰੀਅਂ  ਨੇ ਦੱਸਿਆ ਕਿ ਬੰਬ ਬਲਾਸਟ ਦੀ ਘਟਨਾ ਦਾ ਪਤਾ ਲੱਗਣ ’ਤੇ ਮੋਗਾ ਪੁਲਸ ਨੇ ਇਕ ਵਿਸ਼ੇਸ਼ ਟੀਮ ਗਠਿਤ ਕੀਤੀ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ  ’ਤੇ ਭੁਪੇਸ਼ ਰਾਜੇਆਣਾ ਨੂੰ ਫੁਟੇਜ ਚੈੱਕ ਕਰਵਾਈ  ਤਾਂ  ਉਨ੍ਹਾਂ ਨੇ  ਪੁਲਸ ਨੂੰ ਦੱਸਿਅਾ  ਕਿ ਉਕਤ ਵਿਅਕਤੀ ਸਾਡਾ ਰਿਸ਼ਤੇਦਾਰ ਹੈ ਅਤੇ ਉਸ ਦੀ ਪਛਾਣ  ਰਾਜਵੀਰ ਉਰਫ ਰਾਜ ਨਿਵਾਸੀ ਬਸੰਤ ਕਾਲੋਨੀ ਰਾਊਕਰਕੈਲਾ  ਸੁੰਦਰ ਨਗਰ ਉਡ਼ੀਸਾ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਜਦ ਉਡ਼ੀਸਾ ਰਹਿੰਦੇ ਵਿਅਕਤੀ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਉਹ ਉਡ਼ੀਸਾ ਦੀ ਹੀ ਨਿਕਲੀ, ਜਿਸ ਦੇ ਅਾਧਾਰ ’ਤੇ  ਡੀ. ਐੱਸ. ਪੀ. ਹਰਿੰਦਰ ਸਿੰਘ ਡੋਡ ’ਤੇ ਅਾਧਾਰਿਤ ਇਕ ਵਿਸ਼ੇਸ਼ ਟੀਮ  ਉਡ਼ੀਸਾ ਭੇਜੀ ਤਾਂ ਕਿ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਸਕੇ। 

ਜਦ ਪੁਲਸ ਟੀਮ ਉਡ਼ੀਸਾ ਪੁਲਸ ਨੂੰ ਨਾਲ ਲੈ ਕੇ ਰਾਜਵੀਰ ਰਾਜੇਆਣਾ ਉਰਫ ਰਾਜ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਘਰ ਬਸੰਤੀ ਕਾਲੋਨੀ ਰਾਊਕਰਕੈਲਾ ਜ਼ਿਲਾ ਸੁੰਦਰ ਨਗਰ ਦੇ ਬਾਹਰ ਟੂਲੈੱਟ ਦਾ ਬੋਰਡ ਲੱਗਾ ਹੋਇਆ ਸੀ, ਜਿਸ ’ਤੇ ਪੁਲਸ ਅਧਿਕਾਰੀਆਂ ਨੇ ਉਥੇ ਲਿਖੇ ਨੰਬਰ ’ਤੇ ਫੋਨ ਕਰ ਕੇ ਕਿਹਾ ਕਿ ਅਸੀਂ ਮਕਾਨ ਕਿਰਾਏ ’ਤੇ ਲੈਣਾ ਹੈ, ਜਿਸ ’ਤੇ ਰਾਜਵੀਰ ਰਾਜੇਆਣਾ ਉਰਫ ਰਾਜ ਉਥੇ ਆ ਗਿਆ। ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ।
 
ਨਕਲੀ ਅਾਧਾਰ ਕਾਰਡ ਬਣਾ ਕੇ ਰਹਿ ਰਿਹਾ ਸੀ ਜਲੰਧਰ ਦੇ ਹੋਟਲ ’ਚ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਦੋਸ਼ੀ ਰਾਜਵੀਰ ਰਾਜੇਆਣਾ ਨੇ ਨਕਲੀ ਅਾਧਾਰ ਕਾਰਡ ਮੁਹੰਮਦ ਅਬਦੁਲਬਾਰੀ ਦੇ ਨਾਂ ’ਤੇ ਬਣਾਇਆ ਹੋਇਆ ਸੀ, ਜਿਸ ਦੇ ਅਾਧਾਰ ’ਤੇ ਉਸਨੇ ਮਾਡਰਨ ਲੌਂਜ ਜਲੰਧਰ ’ਚ 20 ਸਤੰਬਰ ਨੂੰ ਕਮਰਾ ਕਿਰਾਏ ’ਤੇ ਲਿਆ ਸੀ ਅਤੇ ਉਹ ਆਪਣੇ ਨਾਲ ਬੰਬ ਬਣਾਉਣ ਦਾ ਸਾਮਾਨ ਵੀ ਉਡ਼ੀਸਾ ਤੋਂ ਲੈ ਕੇ ਆਇਆ ਸੀ ਪਰ ਬੰਬ ’ਚ ਪਾਉਣ ਵਾਲਾ ਬਾਰੂਦ ਇੱਥੋਂ ਲਿਆ ਸੀ ਅਤੇ ਉਹ ਕਈ ਦਿਨ ਉਸ ਹੋਟਲ ’ਚ ਰਿਹਾ ਅਤੇ ਯੋਜਨਾ ਬਣਾਉਂਦਾ ਰਿਹਾ ਕਿ ਬੰਬ ਨੂੰ ਕਿਵੇਂ  ਭੇਜਿਆ ਜਾਵੇ, ਜਿਸ ’ਤੇ ਉਹ 26 ਸਤੰਬਰ ਨੂੰ ਮੋਗਾ ਆਇਆ। ਬੰਬ ਵਾਲਾ ਪਾਰਸਲ ਕੋਰੀਅਰ ਕਰਵਾਉਣ  ਲਈ  ਉਹ ਸੂਦ ਕੋਰੀਅਰ ’ਤੇ ਪਹੁੰਚਿਅਾ, ਜਿਥੇ ਉਸ ਨੇ 180 ਰੁਪਏ ਦੇ ਕੇ ਸੰਗਰੂਰ ਲਈ ਪਾਰਸਲ ਬੁੱਕ ਕਰਵਾਇਆ ਅਤੇ ਉਹ ਉਥੋਂ ਚਲਾ ਗਿਆ। ਦੁਕਾਨਦਾਰ ਨੂੰ ਸ਼ੱਕ ਹੋਣ ’ਤੇ ਉਸਨੇ ਉਸਦਾ ਪਿੱਛਾ ਵੀ ਕੀਤਾ ਪਰ ਤਦ ਤੱਕ ਉਹ ਨਿਕਲ ਚੁੱਕਾ ਸੀ।

Related News