ਮਾਲਵਾ ਖਿੱਤੇ ਦੀ ਧੁੰਨੀ ਮੋਗਾ ਵਿਖੇ ਗਰਜਣਗੇ ‘ਕੇਜਰੀਵਾਲ’, ਤੀਜੀ ਗਾਰੰਟੀ ਦਾ ਕਰ ਸਕਦੇ ਨੇ ਐਲਾਨ

Tuesday, Nov 09, 2021 - 11:41 AM (IST)

ਮਾਲਵਾ ਖਿੱਤੇ ਦੀ ਧੁੰਨੀ ਮੋਗਾ ਵਿਖੇ ਗਰਜਣਗੇ ‘ਕੇਜਰੀਵਾਲ’, ਤੀਜੀ ਗਾਰੰਟੀ ਦਾ ਕਰ ਸਕਦੇ ਨੇ ਐਲਾਨ

ਮੋਗਾ (ਗੋਪੀ ਰਾਊਕੇ): ਅਗਾਮੀ ਵਿਧਾਨ ਸਭਾ ਦੀਆਂ ਨੇੜਲੇ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਸਬੰਧੀ ਜਿੱਥੇ ਸੂਬੇ ਦੀ ਹੁਕਮਰਾਨ ਧਿਰ ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਰਾਜਸੀ ਧਿਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ, ਉੱਥੇ ਰਵਾਇਤੀ ਸਿਆਸੀ ਧਿਰਾਂ ਨੂੰ ਭਾਂਜ ਦੇਣ ਲਈ ਆਮ ਆਦਮੀ ਪਾਰਟੀ ਨੇ ਚੋਣ ਰਣਨੀਤੀ ਤਹਿਤ ਸਿਆਸੀ ਗੋਟੀਆਂ ‘ਫਿੱਟ’ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ, ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 14 ਨਵੰਬਰ ਨੂੰ ਮਾਲਵਾ ਖਿੱਤੇ ਦੀ ਧੁੰਨੀ ਮੋਗਾ ਵਿਖੇ ਪੁੱਜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਮੰਤਰੀ ਮੰਡਲ ਵਲੋਂ ‘ਪੰਜਾਬ ਐਕਟ-2008’ ’ਚ ਸੋਧ ਨੂੰ ਪ੍ਰਵਾਨਗੀ

ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਕੱਤਰ ਵੇਰਵਿਆਂ ਅਨੁਸਾਰ ਆਪ ਮੁੱਖੀ ਮੋਗਾ ਵਿਖੇ ਰੱਖੇ ਸਮਾਗਮ ਦੌਰਾਨ ਪਾਰਟੀ ਵੱਲੋਂ ਚੋਣ ਵਾਅਦੇ ਤਹਿਤ ਤੀਜੀ ਗਾਰੰਟੀ ਦਾ ਐਲਾਨ ਕਰਨਗੇ, ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਕੀਤੇ ਵਾਅਦਿਆਂ ਅਨੁਸਾਰ ਪੰਜਾਬੀਆਂ ਨੂੰ ਇਹ ਗਾਰੰਟੀ ਦਿੱਤੀ ਹੈ ਕਿ ਹਰ ਮਹੀਨੇ 300 ਯੂਨਿਟ ਬਿਜਲੀ ਮੁਆਫ਼ ਅਤੇ ਸਿਹਤ ਦਾ ਮੁਫ਼ਤ ਇਲਾਜ ਕਰਨ ਲਈ ਪ੍ਰਬੰਧ ਕੀਤੇ ਜਾਣਗੇ। ਮੁੱਖ ਮੰਤਰੀ ਵੱਲੋਂ ਤੀਜੀ ਗਾਰੰਟੀ ਨੂੰ ਭਾਵੇਂ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ, ਪਰ ਪਾਰਟੀ ਸੂਤਰ ਦੱਸਦੇ ਹਨ ਕਿ ਤੀਜੀ ਗਾਰੰਟੀ ਵਿਚ ਕਿਸਾਨਾਂ ਲਈ ਆਮ ਆਦਮੀ ਪਾਰਟੀ ਵੱਲੋਂ ਕੁਝ ਵਿਲੱਖਣ ਵਾਅਦੇ ਕੀਤੇ ਜਾ ਰਹੇ ਹਨ, ਉਂਝ ਇਸ ਸਬੰਧੀ ਹਾਲੇ ਤੱਕ ਅਧਿਕਾਰਿਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਦੋਸ਼ਾਂ ਤੋਂ ਬਾਅਦ ਰਵਨੀਤ ਬਿੱਟੂ ਦਾ ਧਮਾਕਾ, ਤੰਜ ਕੱਸਦਿਆਂ ਆਖੀ ਵੱਡੀ ਗੱਲ

ਆਮ ਆਦਮੀ ਪਾਰਟੀ ਦੇ ਸੁਪਰੀਮੋਂ ਦੀ ਆਮਦ ਵੇਲੇ ਮੋਗਾ ਦੇ ਜੰਮਪਲ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸਮੇਤ ਸਮੁੱਚੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦਾ ‘ਪੱਲਾ’ ਫੜ੍ਹਨ ਦੀ ਪੱਕੀ ਸੰਭਾਵਨਾ ਵੀ ਬਣਦੀ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਲੋਕ ਸੇਵਾ ਕਰ ਕੇ ਵਿਸ਼ਵ ਪੱਧਰ ’ਤੇ ਵਿਲੱਖਣ ਪਹਿਚਾਣ ਬਣਾਉਣ ਵਾਲੇ ਅਦਾਕਾਰ ਸੋਨੂੰ ਸੂਦ ਵੱਲੋਂ ਲੁਧਿਆਣਾ ਅਤੇ ਉਨ੍ਹਾਂ ਦੀ ਭੈਣ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਤੋਂ ਆਪ ਦੇ ਝੰਡੇ ਹੇਠਾਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਲਵਿਕਾ ਸੂਦ ਮੋਗਾ ਵਿਧਾਨ ਸਭਾ ਹਲਕੇ ਵਿਚ ਸਮਾਜਿਕ ਕਾਰਜ਼ਾਂ ਵਿਚ ਹਿੱਸਾ ਲੈਣ ਕਰ ਕੇ ਸਰਗਰਮ ਹਨ ਅਤੇ ਜੇਕਰ ਉਹ ਪਾਰਟੀ ਵੱਲੋਂ ਟਿਕਟ ਹਾਸਲ ਕਰ ਕੇ ਮੈਦਾਨ ਵਿਚ ਨਿੱਤਰਦੇ ਹਨ ਤਾਂ ਮੋਗਾ ਹਲਕੇ ਵਿਚ ਮੁਕਾਬਲਾ ਦਿਲਚਸਪ ਬਣ ਸਕਦਾ ਹੈ।ਦੂਜੇ ਪਾਸੇ ਇਸ ਮਾਮਲੇ ’ਤੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਮਨਜੀਤ ਸਿੰਘ ਦੀਦਰੇਵਾਲਾ ਨੇ ਸੰਪਰਕ ਕਰਨ ’ਤੇ ਆਪ ਸੁਪਰੀਮੋ ਦੀ ਮੋਗਾ ਆਮਦ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰੋਗਰਾਮ ਕਿੱਥੇ ਕਰਨਾ ਹੈ ਇਹ ਵਿਉਂਤਬੰਧੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜੀ ਗਾਰੰਟੀ ਕੀ ਹੋਵੇਗੀ ਇਹ ਤਾਂ ਸ੍ਰੀ ਅਰਵਿੰਦ ਕੇਜਰੀਵਾਲ ਹੀ ਦਸ ਸਕਦੇ ਹਨ।

ਇਹ ਵੀ ਪੜ੍ਹੋ : ਕਈ ਸਾਲਾਂ ਬਾਅਦ ਪੁੱਤਾਂ ਕੋਲ ਆਈ ਮਾਂ ਨਾਲ ਵਾਪਰੀ ਅਨਹੋਣੀ, ਇੰਝ ਮਿਲੀ ਮੌਤ ਕਿ ਸੋਚਿਆ ਨਾ ਸੀ

ਸੋਨੂੰ ਸੂਦ ਨੂੰ ਮੁੱਖ ਮੰਤਰੀ ਜਾਂ ਕੋਈ ਹੋਰ ਵੱਡੀ ਮਿਲ ਸਕਦੀ ਆਫ਼ਰ
ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਅਦਾਕਾਰ ਸੋਨੂੰ ਸੂਦ ਨੂੰ ਆਮ ਆਦਮੀ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ, ਦਰਅਸਲ ਇਸ ਪਰਿਵਾਰ ਦੇ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੇ ਚਰਚੇ ਚੱਲ ਰਹੇ ਹਨ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵਿਚ ਅਦਾਕਾਰ ਸੋਨੂੰ ਸੂਦ ਨੂੰ ਬ੍ਰਾਡ ਅੰਬੈਸਡਰ ਨਿਯੁਕਤ ਕੀਤਾ ਸੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News