ਗੁਰਦੁਆਰਾ ਸਾਹਿਬ ਦੀ ਕੰਧ ਨਾਲ ਗੰਦਗੀ ਭਰੇ ਛੱਪਡ਼ ਤੋਂ ਲੋਕ ਪ੍ਰੇਸ਼ਾਨ
Friday, Feb 22, 2019 - 03:58 AM (IST)

ਮੋਗਾ (ਹੀਰੋ)-ਨਾਲ ਦੇ ਪਿੰਡ ਕੋਕਰੀ ਵਹਿਣੀਵਾਲ ਦੇ ਪੰਥਕ ਗੁਰਦੁਆਰਾ ਕੀਰਤਨਸਰ ਸਾਹਿਬ ਦੀ ਆਲੀਸ਼ਾਨ ਬਿਲਡਿੰਗ ਦੀ ਕੰਧ ਦੇ ਨਾਲ ਗੰਦਗੀ ਭਰਿਆ ਛੱਪਡ਼ ਵੀ ਸਥਿਤ ਹੈ, ਜੋ ਹਰ ਸ਼ਰਧਾਲੂਆਂ ਨੂੰ ਕਈ ਭਿਆਨਕ ਬੀਮਾਰੀਆਂ ਦਾ ਸੱਦਾ ਦੇ ਰਿਹਾ ਹੈ। ਤਕਰੀਬਨ 20 ਸਾਲਾਂ ਤੋਂ ਨਗਰ ਦੇ ਲੋਕਾਂ ਦਾ ਭਿਆਨਕ ਬੀਮਾਰੀਆਂ ਨਾਲ ਸਾਹਮਣਾ ਕਰਨਾ ਵੀ ਇਕ ਬਹੁਤ ਵੱਡੀ ਸਮੱਸਿਆ ਹੈ ਪਰ ਸਰਕਾਰਾਂ ਦੇ ਨਾਲ-ਨਾਲ ਗ੍ਰਾਮ ਪੰਚਾਇਤਾਂ ਬਦਲਣ ਦੇ ਬਾਵਜੂਦ ਵੀ ਕਿਸੇ ਵਿਅਕਤੀ ਨੇ ਛੱਪਡ਼ ਦੀ ਸਫਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਸਮਝੀ। ਪਿੰਡ ਕੋਕਰੀ ਵਹਿਣੀਵਾਲ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਬਣੀ ਸਰਪੰਚ ਕਮਲਜੀਤ ਕੌਰ ਚੀਮਾ ਨੇ ਪੱਤਰਕਾਰਾਂ ਨੂੰ ਵਿਸ਼ੇਸ਼ ਮਿਲਣੀ ਵਿਚ ਕਿਹਾ ਕਿ ਨਗਰ ਦੇ ਵਿਕਾਸ ਦੇ ਸਾਰੇ ਕੰਮ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦੀ ਰਹਿਨੁਮਈ ਹੇਠ ਹੋ ਰਹੇ ਹਨ। ਛੱਪਡ਼ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਠੇੇਕੇਦਾਰ ਸੁਰਿੰਦਰ ਸਿੰਘ ਵਹਿਣੀਵਾਲ ਨੇ ਕਿਹਾ ਕਿ ਗੰਦੇ ਛੱਪਡ਼ ਦੀ ਸਫਾਈ ਕਰ ਕੇ ਇਸ ਦੇ ਪਾਣੀ ਦੇ ਨਿਕਾਸ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਜ਼ਿਲਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਵਹਿਣੀਵਾਲ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ, ਕਿਉਂਕਿ ਮੈਨੂੰ ਇਕ-ਇਕ ਵਾਅਦਾ ਯਾਦ ਹੈ ਜੋ ਮੈਂ ਲੋਕਾਂ ਨਾਲ ਵੋਟਾਂ ਸਮੇਂ ਚੋਣਾਂ ’ਚ ਕੀਤਾ ਸੀ। ਕੋਕਰੀ ਵਹਿਣੀਵਾਲ ਦੇ ਦਿਲਸ਼ੇਰ ਸਿੰਘ ਚੀਮਾ ਨੇ ਕਿਹਾ ਕਿ ਸਰਬਸੰਮਤੀ ਨਾਲ ਬਣੀ ਪੰਚਾਇਤ ਨੇ ਪ੍ਰਣ ਲਿਆ ਹੈ ਕਿ ਨਗਰ ਵਿਚ ਧਡ਼ੇਬੰਦੀ ਦਾ ਸਬਦ ਨਹੀਂ ਰਹਿਣ ਦੇਣਾ ਅਤੇ ਸਾਰਾ ਨਗਰ ਆਪਸੀ ਭਾਈਚਾਰੇ ਰਾਹੀਂ ਵਿਕਾਸ ਦੇ ਅਗਾਂਹ-ਵਧੂ ਕੰਮ ਕਰ ਕੇ ਇਕ ਮਿਸਾਲ ਪੈਦਾ ਕਰੇਗਾ।