ਦਡ਼ ਵੱਟੀ ਬੈਠਾ ਬਰਾਡ਼ ਵਿਰੋਧੀ ਧਡ਼ਾ ਮਹੇਸ਼ਇੰਦਰ ਦੀ ਪ੍ਰਧਾਨਗੀ ਨਾਲ ਹੋਇਆ ਸਰਗਰਮ

Friday, Jan 18, 2019 - 09:25 AM (IST)

ਦਡ਼ ਵੱਟੀ ਬੈਠਾ ਬਰਾਡ਼ ਵਿਰੋਧੀ ਧਡ਼ਾ ਮਹੇਸ਼ਇੰਦਰ ਦੀ ਪ੍ਰਧਾਨਗੀ ਨਾਲ ਹੋਇਆ ਸਰਗਰਮ
ਮੋਗਾ (ਚਟਾਨੀ)-ਕਾਂਗਰਸ ਪਾਰਟੀ ਵਲੋਂ ਮੋਗਾ ਜ਼ਿਲੇ ਦੀ ਵਾਂਗਡੋਰ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਹਵਾਲੇ ਕਰ ਦਿੱਤੇ ਜਾਣ ਨਾਲ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ’ਚੋਂ ਦੋ ਹਲਕਿਆਂ ’ਚ ਸਮੀਕਰਨਾਂ ਅੰਦਰ ਫੇਰ ਬਦਲ ਸਪੱਸ਼ਟ ਦਿਖਾਈ ਦੇ ਰਿਹਾ ਹੇ। ਕਾਂਗਰਸ ਪਾਰਟੀ ਦੀ ਪਿਛਲੀ ਸਰਕਾਰ ਮੌਕੇ ਮੰਤਰੀ ਰਹੇ ਅਤੇ ਹੁਣ ਬਾਘਾਪੁਰਾਣਾ ਹਲਕੇ ਤੋਂ ਵਿਧਾਇਕ ਦਰਸ਼ਨ ਸਿੰਘ ਬਰਾਡ਼, ਜਿਨ੍ਹਾਂ ਦੀ ਬਾਘਾਪੁਰਾਣਾ ਦੇ ਨਾਲ-ਨਾਲ ਉਨ੍ਹਾਂ ਦੇ ਜੱਦੀ ਹਲਕੇ ਨਿਹਾਲ ਸਿੰਘ ਵਾਲਾ ’ਚ ਪੂਰੀ ਤੂਤੀ ਬੋਲਦੀ ਸੀ, ਲਈ ਹੁਣ ਕੁੱਝ ਹੱਦ ਤੱਕ ਪਕਡ਼ ਢਿੱਲੀ ਰਹਿਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਮਹੇਸ਼ਇੰਦਰ ਸਿੰਘ ਦੀ ਜ਼ਿਲਾ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਵੀ ਗੁਆਂਢੀ ਹਲਕੇ ਰਾਮਪੁਰਾ ਫੂਲ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦੇ ਧਡ਼ੇ ਨੇ ਵਿਧਾਇਕ ਬਰਾਡ਼ ਦੇ ਬਰਾਬਰ ਆਪਣੀ ਸਾਖ ਜਮਾਉਣ ਦੇ ਸਫਲ ਯਤਨ ਕੀਤੇ ਸਨ, ਜਦਕਿ ਹੁਣ ਮਹੇਸ਼ਇੰਦਰ ਸਿੰਘ ਦੇ ਜ਼ਿਲਾ ਪ੍ਰਧਾਨ ਬਨਣ ਨਾਲ ਬਰਾਡ਼ ਲਈ ਚੁਣੌਤੀਆਂ ਹੋਰ ਵੀ ਗੰਭੀਰ ਹੋ ਗਈਆਂ ਹਨ। ਭਾਵੇਂ ਦਰਸ਼ਨ ਸਿੰਘ ਬਰਾਡ਼ ਵਰਗੇ ਕੱਦਵਾਰ ਨੇਤਾ ਅਜਿਹੀਆਂ ਚੁਣੌਤੀਆਂ ਨਾਲ ਦੋ ਹੱਥ ਕਰਨ ਦੇ ਪੂਰਨ ਤੌਰ ’ਤੇ ਸਮਰਥ ਹਨ ਅਤੇ ਉਨ੍ਹਾਂ ਦਾ ਸਪੁੱਤਰ ਵੀ ਆਪਣੇ ਪਿਤਾ ਦਾ ਇਕ ਸੰਜੀਦਾ ਰਣਨੀਤੀਕਾਰ ਹੈ, ਪਰ ਫਿਰ ਵੀ ਮਹੇਸ਼ਇੰਦਰ ਸਿੰਘ ਉਪਰ ਮੁੱਖ ਮੰਤਰੀ ਦੀ ਛਤਰਛਾਇਆ ਦੇ ਮਾਅਨਿਆਂ ਮੂਹਰੇ ਬਰਾਡ਼ ਪਰਿਵਾਰ ਨੂੰ ਸ਼ਕਤੀਸ਼ਾਲੀ ਰੂਪ ’ਚ ਉਭਰਨਾ ਪਵੇਗਾ। ਕਾਂਗਰਸ ਪਾਰਟੀ ਦੇ ਦੋਹਾਂ ਹਲਕਿਆਂ ’ਚ ਬੈਠੇ ਸਿਆਸੀ ਵਿਸ਼ਲੇਸ਼ਕਾਂ ਅਤੇ ਪਾਰਟੀ ਤੋਂ ਬਾਹਰਲੇ ਰਾਜਨੀਤਿਕ ਮਾਹਿਰਾਂ ਅਨੁਸਾਰ ਮਹੇਸ਼ਇੰਦਰ ਸਿੰਘ ਦੀ ਕੈਪਟਨ ਪਰਿਵਾਰ ਨਾਲ ਨੇਡ਼ਤਾ ਅਤੇ ਦੂਜੇ ਪਾਸੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦਾ ਸਹਿਯੋਗ ਮਹੇਸ਼ਇੰਦਰ ਸੰਘ ਦੇ ਧਡ਼ੇ ਨੂੰ ਨਿੱਗਰ ਰੂਪ ਵਿਚ ਉਭਾਰੇਗਾ।

Related News