''ਚਿੱਟੇ'' ਦੀ ਮਾਰ, ਨੌਜਵਾਨ ਨੇ ਵੇਚਿਆ ਘਰ ਦਾ ਸਾਮਾਨ

Sunday, Mar 01, 2020 - 10:59 AM (IST)

ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੂਬੇ 'ਚ ਵਿਕਦੇ ਸਿੰਥੈਟਿਕ ਡਰੱਗ 'ਚਿੱਟੇ' ਦੇ ਸਮੱਗਲਰਾਂ ਦੀ ਕਮਰ ਤੋੜ ਦਿੱਤੀ ਹੈ। ਹੁਣ ਨਸ਼ਿਆਂ ਨੂੰ ਵੱਡੇ ਪੱਧਰ 'ਤੇ ਠੱਲ੍ਹ ਪੈ ਗਈ ਹੈ, ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸੂਬੇ 'ਚ ਆਏ ਦਿਨ ਸਿੰਥੈਟਿਕ ਡਰੱਗ 'ਚਿੱਟੇ' ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਇਸ ਗੱਲ ਦੀ ਗਵਾਹ ਹਨ ਕਿ ਪੰਜਾਬ 'ਚ ਹਾਲੇ ਵੀ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਸ਼ਹਿਰ ਦਾ ਹੈ, ਜਿੱਥੋਂ ਦੇ ਇਕ 21 ਵਰ੍ਹਿਆਂ ਦੇ ਨੌਜਵਾਨ ਨੇ ਸਿੰਥੈਟਿਕ ਡਰੱਗ 'ਚਿੱਟੇ' ਦੀ ਪੂਰਤੀ ਲਈ ਆਪਣੇ ਘਰ ਦਾ ਸਾਮਾਨ ਕਥਿਤ ਤੌਰ 'ਤੇ ਵੇਚਣ ਦੇ ਨਾਲ ਆਪਣੀ ਵਿਧਵਾ ਮਾਂ, ਭੈਣ ਅਤੇ ਬਜ਼ੁਰਗ 85 ਸਾਲਾ ਦਾਦੇ ਨੂੰ ਵੀ ਘਰੋਂ ਕੁੱਟ-ਮਾਰ ਕਰ ਕੇ ਕੱਢ ਦਿੱਤਾ ਹੈ।

PunjabKesari

ਇਕ ਹਫਤੇ ਤੋਂ ਰੋਜ਼ਾਨਾ ਕੁੱਟ-ਮਾਰ ਕਰਦੇ ਆਪਣੇ ਪੁੱਤਰ ਦੇ ਵਤੀਰੇ ਤੋਂ ਦੁਖੀ ਮਾਂ ਬਲਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸਿਰ ਦੇ ਸਾਈਂ ਦੇ ਨਾ ਹੋਣ ਕਰ ਕੇ ਉਹ ਪਹਿਲਾਂ ਹੀ ਪਹਾੜ ਜਿਹੇ ਦੁੱਖਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਹੁਣ ਪੁੱਤਰ ਦੇ ਨਸ਼ੇ ਨੇ ਤਾਂ ਉਸ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਸੀ ਕਿ ਜਵਾਨ ਹੋਇਆ ਪੁੱਤਰ ਮੇਰੇ ਸੁੱਖਾਂ-ਦੁੱਖਾਂ ਦਾ ਸਹਾਰਾ ਬਣੇਗਾ ਪਰ ਪੰਜ ਵਰ੍ਹਿਆਂ ਤੋਂ ਨਸ਼ੇ ਦੀ ਦਲਦਲ ਵਿਚ ਧਸੇ ਪੁੱਤ ਨੇ ਤਾਂ ਉਸ ਨੂੰ ਜਿਊਂਦੇ ਜੀਅ ਮਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨਸ਼ੇ ਨੂੰ ਵਿਕਣ ਤੋਂ ਰੋਕਣ ਲਈ 'ਫੇਲ' ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਪਾਸੇ ਸਖਤੀ ਨਾਲ ਧਿਆਨ ਦੇਵੇ ਅਤੇ ਮੇਰੇ ਪੁੱਤ ਨਸ਼ਾ ਛੁਡਵਾਇਆ ਜਾਵੇ।

PunjabKesari

'ਚਿੱਟੇ' ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗੇ : ਕੌਂਸਲਰ ਪੋਪਲੀ
ਨਗਰ ਨਿਗਮ ਮੋਗਾ ਦੇ ਕੌਂਸਲਰ ਗੋਵਰਧਨ ਪੋਪਲੀ ਨੇ 'ਚਿੱਟੇ' ਦੀ ਦਲਦਲ 'ਚ ਧਸ ਕੇ ਜ਼ਿੰਦਗੀਆਂ ਤਬਾਹ ਕਰ ਰਹੇ ਨੌਜਵਾਨਾਂ ਦੇ ਮਾਮਲੇ 'ਤੇ ਡੂੰਘੀ 'ਚਿੰਤਾ' ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 'ਚਿੱਟੀ' ਦੀ ਵਿਕਰੀ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੇ। ਉਨ੍ਹਾਂ ਕਿਹਾ ਕਿ 'ਚਿੱਟੇ' ਦੀ ਦਲਦਲ 'ਚ ਧਸੇ ਨੌਜਵਾਨਾਂ ਨੂੰ ਸਮਝਾਉਣ 'ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਥਾਂ-ਥਾਂ 'ਤੇ 'ਚਿੱਟਾ' ਨਸ਼ਾ ਵਿਕਦਾ ਹੈ। ਕੌਂਸਲਰ ਪੋਪਲੀ ਨੇ ਕਿਹਾ ਕਿ ਨਸ਼ੇ ਦੇ ਸਮੱਗਲਰਾਂ 'ਤੇ ਸਖਤ ਕਰਵਾਈ ਹੋਵੇ।

PunjabKesari

ਕੀ ਕਹਿਣੈ ਐੱਸ. ਪੀ. ਡੀ. ਮੋਗਾ ਦਾ
ਇਸ ਮਾਮਲੇ ਸਬੰਧੀ ਜਦੋਂ ਐੱਸ. ਪੀ. ਡੀ. ਹਰਿੰਦਰਪਾਲ ਸਿੰਘ ਪਰਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਰੇਆਮ ਨਸ਼ਾ ਵਿਕਣ ਦੀ ਕੋਈ ਗੱਲ ਨਹੀਂ ਹੈ ਅਤੇ ਜਿੱਥੇ ਕਿਤੇ ਵੀ ਪੁਲਸ ਨੂੰ ਕੋਈ ਸੂਚਨਾ ਮਿਲਦੀ ਹੈ, ਉੱਥੇ ਤੁਰੰਤ ਪੁਲਸ ਵੱਲੋਂ ਐਕਸ਼ਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੁਲਸ ਨੇ ਸਿੰਥੈਟਿਕ ਨਸ਼ੇ ਦੀ ਵੱਡੀ ਰਿਕਵਰੀ ਕੀਤੀ ਹੈ। ਨਸ਼ੇ ਦੀ ਦਲਦਲ 'ਚ ਧਸ ਚੁੱਕੇ ਨੌਜਵਾਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਨਸ਼ਿਆਂ ਦੀ ਸਮੱਗਲਿੰਗ ਵਾਲੇ ਖੇਤਰਾਂ 'ਚ ਵਿਸ਼ੇਸ਼ ਸਰਚ ਮੁਹਿੰਮ ਚਲਾਈ ਜਾਂਦੀ ਹੈ।


Shyna

Content Editor

Related News