ਮੋਦੀ ਸਰਕਾਰ ਸਾਜ਼ਿਸ਼ ਤਹਿਤ ਕਰ ਰਹੀ DAP ਖਾਦ ਦੀ ਕਿੱਲਤ : ਸੰਧਵਾਂ

Friday, Oct 15, 2021 - 03:17 AM (IST)

ਚੰਡੀਗੜ੍ਹ(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ’ਚ ਡੀ.ਏ.ਪੀ. ਖਾਦ ਦੀ ਭਾਰੀ ਕਮੀ ਹੋਣ ’ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਖਾਦ ਦੀ ਘਾਟ ਕਾਰਨ ਹਾੜੀ ਦੀਆਂ ਫ਼ਸਲਾਂ ਖ਼ਾਸ ਕਰਕੇ ਕਣਕ ਦੀ ਬਿਜਾਈ ’ਤੇ ਬਹੁਤ ਹੀ ਮਾੜੇ ਅਸਰ ਦਾ ਅੰਦੇਸ਼ਾ ਜਤਾਉਂਦਿਆਂ ਕੇਂਦਰ ਤੇ ਪੰਜਬ ਸਰਕਾਰ ’ਤੇ ਪਾਰਟੀ ਨੇ ਨਿਸ਼ਾਨਾ ਸਾਧਿਆ ਹੈ। ‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਸੋਚੀ ਸਮਝੀ ਕਿੱਲਤ ਨੂੰ ਕਿਸਾਨ ਅਤੇ ਪੰਜਾਬ ਵਿਰੁੱਧ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ’ਚ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹਾੜੀ ਦੀਆਂ ਫ਼ਸਲਾਂ ਕਣਕ, ਆਲੂ, ਪਸ਼ੂਆਂ ਦੇ ਚਾਰੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਬਹੁਤ ਹੀ ਅਹਿਮ ਲੋੜ ਹੁੰਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਆਪਸੀ ਤਾਲਮੇਲ ਨਾਲ ਇਸ ਅਹਿਮ ਜ਼ਰੂਰਤ ਦਾ ਅਗਾਊਂ ਪ੍ਰਬੰਧ ਕਰਦੀਆਂ ਹਨ ਪਰ ਇੰਝ ਜਾਪਦਾ ਡੀ.ਏ.ਪੀ. ਖਾਦ ਦੀ ਸਮੇਂ ਸਿਰ ਲੋੜੀਂਦੀ ਸਪਲਾਈ ਨਾ ਦੇ ਕੇ ਜਿੱਥੇ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ੍ਹ ਕੱਢ ਰਹੀ ਹੈ, ਉੱਥੇ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ, ਕਿਉਂਕਿ ਖੇਤੀ ਪ੍ਰਧਾਨ ਪੰਜਾਬ ਵਿੱਚ ਹਾੜੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀ.ਏ.ਪੀ ਦੀ ਲੋੜ ਹੈ ਪਰ ਇਸ ਸਮੇਂ ਕੇਵਲ 74000 ਟਨ ਖਾਦ ਦਾ ਭੰਡਾਰ ਹੈ। ਇਸ ਹਿਸਾਬ ਨਾਲ ਸੂਬੇ ’ਚ 4.80 ਲੱਖ ਟਨ ਖਾਦ ਦੀ ਘਾਟ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ 87 ਫ਼ੀਸਦ ਡੀ.ਏ.ਪੀ. ਖਾਦ ਦੀ ਘਾਟ ਕਾਰਨ ਜਿੱਥੇ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ’ਤੇ ਮਾੜਾ ਅਸਰ ਪਵੇਗਾ, ਉੱਥੇ ਹੀ ਕਾਲਾਬਾਜ਼ਾਰੀ ਸ਼ੁਰੂ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਲੁੱਟਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਖਾਦ ਦੀ ਸਪਲਾਈ ਦੇਣਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਨਿਭਾਉਣ ’ਚ ਕੇਂਦਰ ਸਰਕਾਰ ਫ਼ੇਲ ਸਾਬਿਤ ਹੋਈ ਹੈ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਪੰਜਾਬ ’ਚ ਕਣਕ ਦੀ ਬਿਜਾਈ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਡੀ.ਏ.ਪੀ. ਖਾਦ ਦੀ ਕਿੱਲਤ ਪੈਦਾ ਕੀਤੀ ਜਾ ਰਹੀ ਹੈ, ਕਿਉਂਕਿ ਬਿਜਾਈ ਸਿਰ ’ਤੇ ਹੋਣ ਦੇ ਬਾਵਜੂਦ ਪੰਜਾਬ ਨੂੰ ਸਿਰਫ਼ 13 ਫ਼ੀਸਦ ਡੀ.ਏ.ਪੀ. ਖਾਦ ਮਿਲੀ ਹੈ। ‘ਆਪ’ ਆਗੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਅੰਨਦਾਤਾ ਨੂੰ ਨਿਸ਼ਾਨਾ ਬਣਾ ਰਹੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਝੰਡਾ ਬੁਲੰਦ ਕਰਨ ਦੀ ਸਜ਼ਾ ਦਿੱਤੀ ਜਾ ਸਕੇ।


Bharat Thapa

Content Editor

Related News