ਫਸਲ ਦਾ ਮੁੱਲ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪਾਉਣ ਦੇ ਫੈਸਲੇ ਦਾ ਸਵਾਰਥੀ ਲੋਕ ਕਰ ਰਹੇ ਨੇ ਵਿਰੋਧ : ਚੁੱਘ
Thursday, Apr 01, 2021 - 01:01 AM (IST)
ਚੰਡੀਗੜ੍ਹ, (ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਮੰਤਰੀ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਿੱਧਾ ਭੁਗਤਾਨ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਉਣ ਦੇ ਮੋਦੀ ਦੀ ਸਰਕਾਰ ਦੇ ਫੈਸਲੇ ਦਾ ਨਿੱਜੀ ਸਵਾਰਥਾਂ ਤਹਿਤ ਵਿਰੋਧ ਕਰ ਰਹੀ ਹੈ।
ਚੁੱਘ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਮੁੱਲ ਉਨ੍ਹਾਂ ਦੇ ਬੈਂਕ ਖਾਤੇ ਵਿਚ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ ਅੰਦੋਲਨ ਤੋਂ ਪਹਿਲਾਂ 2018 ਵਿਚ ਇਸ ਦਾ ਐਲਾਨ ਕਰ ਦਿੱਤਾ ਸੀ। ਇਸ ਫ਼ੈਸਲੇ ਨਾਲ ਪਹਿਲਾਂ ਸਾਰੀਆਂ ਸੂਬਾ ਸਰਕਾਰਾਂ ਦੀ ਸਹਿਮਤੀ ਵੀ ਬਣ ਚੁੱਕੀ ਹੈ। ਇੰਨੇ ਸਾਲਾਂ ਤੋਂ ਬਾਅਦ ਵੀ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਉਪਜ ਦਾ ਮੁੱਲ ਉਨ੍ਹਾਂ ਨੂੰ ਸਿੱਧੇ ਦਿਵਾਏ ਜਾਣ ਲਈ ਕੋਈ ਕਦਮ ਨਹੀਂ ਚੁੱਕਿਆ ਹੈ।
ਇਸ ਸਬੰਧ ਵਿਚ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਪਿਯੂਸ਼ ਗੋਇਲ ਦੇ ਵਾਰ-ਵਾਰ ਲਿਖੇ ਪੱਤਰਾਂ ’ਤੇ ਵੀ ਕੈਪਟਨ ਸਰਕਾਰ ਨੇ ਕੋਈ ਧਿਆਨ ਨਾ ਦੇ ਕੇ ਭਾਰਤ ਸਰਕਾਰ ਦੇ ਫੈਸਲੇ ਨੂੰ ਕਿਸਾਨ ਵਿਰੋਧੀਆਂ ਦੇ ਹਿੱਤ ਵਿਚ ਲਟਕਾਉਣ ਦਾ ਕੰਮ ਕੀਤਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਪੈਸਾ ਸਿੱਧੇ ਬਿਨਾਂ ਕਮਿਸ਼ਨ ਦੇ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦਾ ਰਾਜਨੀਤਕ ਕਾਰਨਾਂ ਕਰਕੇ ਵਿਰੋਧ ਕਰ ਰਹੀ ਹੈ। ਮੋਦੀ ਸਰਕਾਰ ਭਾਰਤ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਉਣ ਲਈ ਵਚਨਬੱਧ ਹੈ ਜਦੋਂ ਕਿ ਕਾਂਗਰਸ ਪਾਰਟੀ ਨਿੱਜੀ ਸਵਾਰਥ ਦੇ ਕਾਰਨ ਇਸ ਦਾ ਵਿਰੋਧ ਕਰ ਰਹੀ ਹੈ।