ਸੂਬੇ ’ਚ ਦਹਿਸ਼ਤ ਫੈਲਾ ਕੇ ਕਿਸਾਨ ਅੰਦੋਲਨ ਕਮਜ਼ੋਰ ਨਹੀਂ ਕਰ ਸਕਦੀ ਮੋਦੀ ਸਰਕਾਰ : ਸਿੰਗਲਾ

12/21/2020 1:21:27 AM

ਸਮਾਣਾ,(ਅਨੇਜਾ)- ਲੰਘੇ ਦਿਨੀਂ ਪੰਜਾਬ ਦੇ 7 ਆੜ੍ਹਤੀਆਂ ’ਤੇ ਇਨਕਮ ਟੈਕਸ ਅਤੇ ਈ. ਡੀ. ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਪਿੱਛੇ ਮੋਦੀ ਸਰਕਾਰ ਪੰਜਾਬ ’ਚ ਦਹਿਸ਼ਤ ਫੈਲਾ ਕੇ ਕਿਸਾਨ ਅੰਦੋਲਨ ਨੂੰ ਕੰਮਜ਼ੋਰ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕਿਸਾਨ ਅੰਦੋਲਨ ਦਬਾਇਆਂ ਦੱਬਣ ਵਾਲਾ ਨਹੀਂ ਹੈ। ਇਹ ਵਿਚਾਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਵਨ ਬਾਂਸਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਾਣਾ ਦੇ ਘਰ ਆਖੇ ਜਿਨ੍ਹਾਂ ’ਤੇ ਦੋ ਦਿਨ ਪਹਿਲਾਂ ਈ. ਡੀ. ਅਤੇ ਇਨਕਮ ਟੈਕਸ ਵਿਭਾਗ ਦੀ ਰੇਡ ਕੀਤੀ ਗਈ ਸੀ।

ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਮੋਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਵਿਧਾਨ ਸਭਾ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਨਵਾਂ ਕਾਨੂੰਨ ਬਣਾਇਆ। ਇਸ ਤਹਿਤ ਕੋਈ ਵੀ ਖਰੀਦਦਾਰ ਐੱਮ. ਐੱਸ. ਪੀ. ਤੋਂ ਥੱਲੇ ਫਸਲ ਨਾ ਖਰੀਦ ਸਕੇ ਤਾਂ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਨੂੰ ਈ. ਡੀ. ਦੇ ਨੋਟਿਸ ਭੇਜੇ ਗਏ। ਹੁਣ ਆੜ੍ਹਤੀ ਵਰਗ ਜੋ ਕਿਸਾਨ ਅੰਦੋਲਨ ’ਚ ਕਿਸਾਨ ਜੱਥੇਬੰਦੀਆਂ ਦੀ ਹਮਾਇਤ ਕਰਨ ਲਈ ਉਤਰੇ ਹਨ ਤਾਂ ਪੰਜਾਬ ਦੇ 7 ਆੜਤੀਆਂ ’ਤੇ ਈ. ਡੀ. ਵੱਲੋਂ ਸੀ. ਆਰ. ਪੀ. ਐੱਫ. ਜਵਾਨਾਂ ਦੀਆਂ ਟੁੱਕੜੀਆਂ ਨਾਲ ਭੇਜ ਕੇ ਛਾਪੇ ਮਰਵਾਏ ਜਾ ਰਹੇ ਹਨ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਤਾ ਨਹੀਂ ਹੈ ਕਿ ਇਨ੍ਹਾਂ ਹਰਕਤਾਂ ਨਾਲ ਕਿਸਾਨ ਅੰਦੋਲਨ ਨੂੰ ਕੰਮਜ਼ੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਮਹਿੰਗਾਈ ਕਈ ਗੁਣਾਂ ਵਧ ਜਾਵੇਗੀ। ਸਾਰੇ ਵਪਾਰ ਕਾਰਪੋਰੇਟ ਘਰਾਣਿਆਂ ਦੇ ਹੱਥ ਚਲੇ ਜਾਣਗੇ, ਜਿਸ ਨਾਲ ਹਰ ਵਪਾਰੀ ਵਰਗ ਤਬਾਹ ਹੋ ਜਾਵੇਗਾ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਇਸ ਮੁਸ਼ਕਿਲ ਦੀ ਘੜੀ ਪੰਜਾਬ ’ਚ ਸਰਕਾਰ ਜਨਤਾ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸ ਮੌਕੇ ਐਡਵੋਕੇਟ ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਤਰਸੇਮ ਗੋਇਲ, ਸੰਜੂ ਕਕਰਾਲਾ ਆਦਿ ਮੌਜੂਦ ਸਨ।


Bharat Thapa

Content Editor

Related News