ਕੱਚੇ ਤੇਲ ਦੀਆਂ ਘਟੀਆਂ ਕੀਮਤਾਂ ਦਾ ਫਾਇਦਾ ਲੋਕਾਂ ਨੂੰ ਦੇਵੇ ਮੋਦੀ ਸਰਕਾਰ : ਹਰਪਾਲ ਚੀਮਾ
Thursday, Mar 12, 2020 - 11:45 PM (IST)
ਚੰਡੀਗਡ਼੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਲੋਕਾਂ ਦੀ ਥਾਂ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਤੇਲ ਕੰਪਨੀਆਂ ਨਾਲ ਖਡ਼੍ਹਨ ਦਾ ਦੋਸ਼ ਲਾਇਆ ਹੈ। ‘ਆਪ’ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ 35 ਤੋਂ 40 ਪ੍ਰਤੀਸ਼ਤ ਤੱਕ ਘਟੀਆਂ ਕੀਮਤਾਂ ਅਨੁਸਾਰ ਦੇਸ਼ ’ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਵੇ ਅਤੇ ਲੋਕਾਂ ਨੂੰ ਰਾਹਤ ਦੇਵੇ। ‘ਆਪ’ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਦੇਸ਼ ਦੀ ਜਨਤਾ ਨੂੰ ਮਹਿੰਗਾਈ ਤੋਂ ਨਿਜਾਤ ਦਿਵਾਉਣ ਦੀ ਨਾ ਨੀਅਤ ਹੈ ਅਤੇ ਨਾ ਹੀ ਲੋਕ ਪੱਖੀ ਨੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤਾਂ ਵਧਣ ਦੇ ਬਹਾਨੇ ਦੇਸ਼ ’ਚ ਰਾਤੋ-ਰਾਤ ਡੀਜ਼ਲ-ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ ਤਾਂ ਕੱਚੇ ਤੇਲ ਦੀਆਂ ਕੀਮਤਾਂ ਘਟਣ ’ਤੇ ਦੇਸ਼ ਦੇ ਖਪਤਕਾਰਾਂ ਲਈ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਈਆਂ ਕਿਉਂ ਨਹੀਂ ਜਾ ਰਹੀਆਂ? ਚੀਮਾ ਨੇ ਇਸ ਨੂੰ ਸਰਕਾਰ ਵਲੋਂ ਹੀ ਦੇਸ਼ ਦੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਅਤੇ ਕਿਹਾ ਕਿ ਮੋਦੀ ਸਰਕਾਰ ਚੰਦ ਕਾਰਪੋਰੇਟ ਘਰਾਣਿਆਂ ਦੀ ਗੋਦੀ ’ਚ ਬੈਠੀ ਹੈ, ਜੋ ਡੀਜ਼ਲ, ਪੈਟਰੋਲ ਅਤੇ ਗੈਸ ਆਦਿ ਰਾਹੀਂ ਰੋਜ਼ਾਨਾ ਕਰੋਡ਼ਾਂ ਰੁਪਏ ਲੋਕਾਂ ਦੀਆਂ ਜੇਬਾਂ ’ਚੋਂ ਲੁੱਟ ਰਹੇ ਹਨ। ‘ਆਪ’ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਦੇ ਹਵਾਲੇ ਨਾਲ ਬਾਦਲ ਪਰਿਵਾਰ ਨੂੰ ਵੀ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ ਬਾਦਲ ਅਜਿਹੇ ਲੋਕ ਹਿਤੈਸ਼ੀ ਮੁੱਦੇ ’ਤੇ ਚੁੱਪ ਕਿਉਂ ਹਨ? ਜਦਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆਪਣੇ ਆਗੂਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ’ਤੇ ਆਸਾਨੀ ਨਾਲ ਦਬਾਅ ਬਣਾ ਸਕਦੇ ਹਨ ਪਰ ਅਜਿਹਾ ਦਬਾਅ ਤਾਂ ਹੀ ਸੰਭਵ ਹੈ ਜੇਕਰ ਬਾਦਲਾਂ ’ਚ ਹਰਸਿਮਰਤ ਕੌਰ ਦੀ ਕੁਰਸੀ ਕੁਰਬਾਨ ਕਰਨ ਦਾ ਜਿਗਰਾ ਹੋਵੇ, ਜੋ ਕਿ ਉਨ੍ਹਾਂ ਕੋਲ ਨਹੀਂ ਹੈ।