ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਕਰਜ਼ੇ ਮਾਫ ਕਰੇ : ਜਾਖੜ

Friday, Jul 06, 2018 - 07:24 AM (IST)

ਜਲੰਧਰ (ਧਵਨ)  - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕੇਂਦਰ ਸਰਕਾਰ ਵਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਵਾਧੇ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਢੁੱਕਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਲਏ ਗਏ ਸਟੈਂਡ ਨੇ ਉਸ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਮੋਦੀ ਸਰਕਾਰ ਤਾਂ ਪਿਛਲੇ 4 ਸਾਲ ਤੋਂ ਕਿਸਾਨਾਂ ਨਾਲ ਧੋਖਾ ਕਰਦੀ ਆ ਰਹੀ ਹੈ ਪਰ ਹਰ ਵਾਰ ਉਸ ਨੇ ਨਵਾਂ ਜੁਮਲਾ ਛੱਡ ਕੇ ਕਿਸਾਨਾਂ ਨੂੰ ਭੁਲੇਖੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਜਾਖੜ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਵੀ ਪਿਛਲੇ 4 ਸਾਲਾਂ 'ਚ ਮੋਦੀ ਸਰਕਾਰ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੋਈ ਰੋਸ ਪ੍ਰਗਟ ਨਹੀਂ ਕੀਤਾ ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਸਰਕਾਰ ਨੂੰ ਖੁੱਲ੍ਹੇ ਗੱਫੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ 'ਚ ਕਾਂਗਰਸ  ਦੀ ਅਗਵਾਈ ਵਾਲੀ ਸਰਕਾਰ ਸੀ ਤਾਂ 2009 ਤੋਂ 2014 ਦਰਮਿਆਨ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 69 ਫੀਸਦੀ ਅਤੇ ਕਪਾਹ 'ਚ 80 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਸੀ ਜਦਕਿ ਮੋਦੀ ਸਰਕਾਰ ਦੇ 4 ਸਾਲ ਦੇ ਰਾਜਕਾਲ ਦੌਰਾਨ ਝੋਨੇ ਦੀ ਕੀਮਤ 'ਚ 41 ਅਤੇ ਕਪਾਹ ਦੀ ਕੀਮਤ 'ਚ 43 ਫੀਸਦੀ ਦਾ ਵਾਧਾ ਹੋਇਆ ਹੈ। ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ 2020 ਤਕ ਦੁੱਗਣੀ ਕਰਨ ਬਾਰੇ ਬਿਆਨ ਵੀ ਧੋਖਾ ਹੀ ਹੈ। ਕਿਸਾਨਾਂ ਦੀ ਹਾਲਤ ਤਾਂ ਲਗਾਤਾਰ ਵਿਗੜਦੀ ਜਾ ਰਹੀ ਹੈ। ਜੇ ਮੋਦੀ ਸਰਕਾਰ ਸਚਮੁੱਚ ਕਿਸਾਨ ਹਿਤੈਸ਼ੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ। ਡੀਜ਼ਲ ਦੀਆਂ ਮੌਜੂਦਾ ਕੀਮਤਾਂ ਦੇ ਮੁਕਾਬਲੇ ਐੱਮ. ਐੱਸ. ਪੀ. 'ਚ ਵਾਧਾ ਥੋੜ੍ਹਾ ਹੈ।


Related News