ਕੇਂਦਰ ਸਰਕਾਰ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ : ਚੁੱਘ
Wednesday, Jul 10, 2024 - 12:27 AM (IST)
ਚੰਡੀਗੜ੍ਹ, (ਨਵਿੰਦਰ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਜੰਮੂ-ਕਸ਼ਮੀਰ, ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ ਇੰਚਾਰਜ ਤਰੁਣ ਚੁੱਘ ਨੇ ਕਠੂਆ ’ਚ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਦੀ ਜੰਮੂ-ਕਸ਼ਮੀਰ 'ਚ ਸ਼ਾਂਤੀ ਕਾਇਮ ਹੋਈ ਹੈ, ਵਿਕਾਸ ਹੋ ਰਿਹਾ ਹੈ, ਜੰਮੂ-ਕਸ਼ਮੀਰ ਦੇ ਲੋਕਾਂ ਦਾ ਲੋਕਤੰਤਰ 'ਚ ਵਿਸ਼ਵਾਸ ਵਧਿਆ ਹੈ। ਇਨ੍ਹਾਂ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਵੋਟ ਪਾ ਕੇ ਲੋਕਤੰਤਰ ’ਚ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਨਤਾ ਹੁਣ ਨਰਿੰਦਰ ਮੋਦੀ ਦੀ ਵਿਕਾਸ ਤੇ ਭਰੋਸੇ ਦੀ ਨੀਤੀ ਨਾਲ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਇਸ ਸ਼ਾਂਤੀ ਨੂੰ ਬਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਦੀ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਹੈ।
ਪਿਛਲੇ ਕੁਝ ਦਿਨਾਂ 'ਚ ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖ਼ਿਲਾਫ਼ ਵੱਡੇ ਪੱਧਰ 'ਤੇ ਸਖ਼ਤ ਤੇ ਫ਼ੈਸਲਾਕੁੰਨ ਕਾਰਵਾਈ ਕੀਤੀ ਹੈ। ਇਸ ਕਾਰਨ ਦਹਿਸ਼ਤਗਰਦ ਡਰ ਤੇ ਸਹਿਮ ’ਚ ਅਜਿਹੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੱਤਵਾਦ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੈ।