ਕਿਸਾਨ ਖੁਦਕੁਸ਼ੀਆਂ ਰੋਕਣ ''ਚ ਮੋਦੀ ਸਰਕਾਰ ਫੇਲ : ਕਾਂਗਰਸ
Thursday, Jun 08, 2017 - 06:14 AM (IST)

ਜਲੰਧਰ (ਧਵਨ) - ਸਾਬਕਾ ਕਾਂਗਰਸੀ ਸੰਸਦ ਮੈਂਬਰ ਤੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਮੋਦੀ ਸਰਕਾਰ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਕੀਤੇ ਜਾ ਰਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ 2 ਮਹੱਤਵਪੂਰਨ ਵਾਅਦੇ ਅਜੇ ਤੱਕ ਪੂਰੇ ਨਹੀਂ ਕਰ ਸਕੀ, ਜਿਨ੍ਹਾਂ ਵਿਚ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨਾ ਤੇ ਕਿਸਾਨਾਂ ਨੂੰ ਜੋ ਫਾਇਦਾ ਹੋਵੇਗਾ,ਉਸਦਾ 50 ਫੀਸਦੀ ਹਿੱਸਾ ਕਿਸਾਨਾਂ ਨੂੰ ਮਿਲਣਾ ਸ਼ਾਮਲ ਹੈ। ਏ.ਆਈ. ਸੀ. ਸੀ. ਵਲੋਂ ਨਾਗਪੁਰ ਭੇਜੇ ਗਏ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਖੁਦਕੁਸ਼ੀਆਂ ਦੀ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਰਫ ਮਹਾਰਾਸ਼ਟਰ ਵਿਚ 639 ਕਿਸਾਨਾਂ ਨੇ ਪਿਛਲੇ 3 ਮਹੀਨਿਆਂ 'ਚ ਖੁਦਕੁਸ਼ੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਪਸ਼ੂ ਵਪਾਰ 'ਤੇ ਰੋਕ ਲਾਉਣ ਤੋਂ ਬਾਅਦ ਪੇਂਡੂ ਅਰਥ-ਵਿਵਸਥਾ ਬੇਹਾਲ ਹੋ ਗਈ ਹੈ। ਚਮੜਾ ਤੇ ਮੀਟ ਦੇ ਵਪਾਰ ਨਾਲ 2.2 ਕਰੋੜ ਨੌਕਰੀਆਂ ਮੁਹੱਈਆ ਹੁੰਦੀਆਂ ਹਨ। ਵਿਸ਼ਵ ਦੀ 20 ਫੀਸਦੀ ਮੀਟ ਦੀ ਬਰਾਮਦ ਭਾਰਤ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ 2015-16 ਦੇ ਮੁਕਾਬਲੇ 2016-17 ਵਿਚ ਯੂ.ਜੀ. ਸੀ. ਦੇ ਬਜਟ ਵਿਚ 55 ਫੀਸਦੀ ਦੀ ਕਮੀ ਆਈ ਹੈ, ਜੋ 9315 ਕਰੋੜ ਤੋਂ ਘਟ ਕੇ 4286 ਕਰੋੜ 'ਤੇ ਆ ਗਿਆ ਹੈ। ਯੂ. ਜੀ. ਸੀ. ਯੂਨੀਵਰਸਿਟੀਆਂ ਲਈ ਵਿੱਤੀ ਬਜਟ 100 ਫੀਸਦੀ ਤੋਂ ਘਟਾ ਕੇ 70 ਫੀਸਦੀ ਕਰ ਦਿੱਤਾ ਗਿਆ ਹੈ। 2016-17 ਵਿਚ ਉੱਚ ਸਿੱਖਿਆ ਵਿਭਾਗ ਦੀ 43 ਫੀਸਦੀ ਜਗ੍ਹਾ ਖਾਲੀ ਪਈ ਹੈ। ਪ੍ਰਮੁੱਖ ਸੰਸਥਾਵਾਂ ਜਿਵੇਂ ਆਈ. ਆਈ. ਟੀ., ਆਈ. ਆਈ. ਐੱਮ., ਐੱਨ.ਆਈ.ਟੀ. ਵਿਚ 60 ਹਜ਼ਾਰ ਸੀਟਾਂ ਖਾਲੀ ਪਈਆਂ ਹਨ।
ਭਾਜਪਾ ਸਰਕਾਰ ਨੇ ਰਿਸਰਚ ਪ੍ਰੋਗਰਾਮ ਦੇ ਐੱਮ. ਫਿੱਲ ਤੇ ਪੀ. ਐੱਚ. ਡੀ. ਵਿਦਿਆਰਥੀਆਂ ਦੀ ਆਰਥਿਕ ਸਹਾਇਤਾ 5 ਤੋਂ 8 ਹਜ਼ਾਰ ਤੱਕ ਘਟ ਕਰ ਦਿੱਤੀ ਹੈ,ਜਿਨ੍ਹਾਂ ਨੇ ਨੈੱਟ ਨਹੀਂ ਲਿਆ। ਉਨ੍ਹਾਂ ਕਿਹਾ ਕਿ ਪਸ਼ੂ ਤੇ ਹੋਰ ਵਪਾਰ 'ਤੇ ਟੈਕਸ ਲਗਾਉਣਾ ਸੂਬਾ ਸਰਕਾਰ ਦਾ ਕੰਮ ਹੈ ਪਰ ਪਸ਼ੂਆਂ ਦੇ ਖਿਲਾਫ ਕਰੂਰਤਾ ਦੀ ਰੋਕਥਾਮ ਦੇ ਨਿਯਮ ਦਾ ਗਲਤ ਇਸਤੇਮਾਲ ਕਰਕੇ ਕੇਂਦਰ ਸਰਕਾਰ ਇਸ ਵਿਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਸੂਬਾ ਸਰਕਾਰ ਦੇ ਅਧਿਕਾਰਾਂ ਦਾ ਹਨਨ ਕਰ ਰਹੀ ਹੈ।