ਪੰਜਾਬ ਦੀ ਇੰਡਸਟਰੀ 'ਤੇ ਪੈਣ ਲੱਗੀ ਮੋਦੀ ਸਰਕਾਰ ਦੀ ਆਰਥਿਕ ਮੰਦੀ ਦੀ ਮਾਰ

Saturday, Sep 07, 2019 - 02:07 PM (IST)

ਪੰਜਾਬ ਦੀ ਇੰਡਸਟਰੀ 'ਤੇ ਪੈਣ ਲੱਗੀ ਮੋਦੀ ਸਰਕਾਰ ਦੀ ਆਰਥਿਕ ਮੰਦੀ ਦੀ ਮਾਰ

ਮਾਛੀਵਾੜਾ ਸਾਹਿਬ (ਟੱਕਰ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ 'ਚ ਨੋਟਬੰਦੀ ਤੇ ਜੀ. ਐਸ. ਟੀ ਤੋਂ ਬਾਅਦ ਜੋ ਆਰਥਿਕ ਮੰਦੀ ਫੈਲਦੀ ਜਾ ਰਹੀ ਹੈ, ਉਸ ਦਾ ਪ੍ਰਭਾਵ ਹੁਣ ਪੰਜਾਬ ਦੀਆਂ ਉਦਯੋਗਿਕ ਇਕਾਈਆਂ 'ਤੇ ਪੈਣ ਲੱਗ ਪਿਆ ਹੈ ਅਤੇ ਮੰਦੇ ਦੀ ਮਾਰ ਹੇਠਾਂ ਆਏ ਵੱਡੇ-ਵੱਡੇ ਉਦਯੋਗਿਕ ਘਰਾਣਿਆਂ ਵਲੋਂ ਆਪਣੇ ਯੂਨਿਟ ਬੰਦ ਕਰਨੇ ਪੈ ਰਹੇ ਹਨ, ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜ੍ਹੇ ਇੱਕ ਨਾਮੀ ਗਰੁੱਪ ਵਲੋਂ ਤਿੰਨ ਵੱਡੀਆਂ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਸਨ, ਜਿਸ ਵਿਚ ਦੋ ਤਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਆਰਥਿਕ ਮੰਦੀ ਦੇ ਚੱਲਦਿਆਂ ਇਸ ਵੱਡੇ ਉਦਯੋਗਿਕ ਘਰਾਣੇ ਵਲੋਂ ਦੋਵੇਂ ਯੂਨਿਟ ਬੰਦ ਕਰ ਦਿੱਤੇ ਗਏ, ਜਿਸ ਕਾਰਨ ਹਜ਼ਾਰਾਂ ਹੀ ਮਜ਼ਦੂਰ ਇੱਥੋਂ ਕੰਮ ਛੱਡ ਚਲੇ ਗਏ। ਪਿਛਲੇ ਕੁੱਝ ਸਾਲਾਂ ਤੋਂ ਨਾਮੀ ਇੰਡਸਟਰੀ, ਜਿਸ 'ਚ ਬ੍ਰੈਂਡਡ ਜੀਨ ਦੀਆਂ ਪੈਂਟਾਂ ਤਿਆਰ ਹੁੰਦੀਆਂ ਸਨ, ਉਹ ਕੁੱਝ ਚੱਲ ਰਹੀ ਸੀ ਪਰ ਹੁਣ ਦੇਸ਼ ਵਿਚ ਫੈਲੀ ਆਰਥਿਕ ਮੰਦੀ ਕਾਰਨ ਅੱਜ ਤੋਂ ਇਹ ਉਦਯੋਗਿਕ ਇਕਾਈ ਵੀ 15 ਦਿਨ ਲਈ ਯੂਨਿਟ ਦਾ ਕਾਫ਼ੀ ਹਿੱਸਾ ਬੰਦ ਕਰ ਦਿੱਤਾ ਗਿਆ ਅਤੇ ਇਸ ਵਿਚ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਜੀਨ ਦਾ ਨਿਰਮਾਣ ਕਰਨ ਵਾਲੀ ਇਸ ਉਦਯੋਗਿਕ ਇਕਾਈ ਵਿਚ ਅੱਗੋਂ ਆਰਡਰ ਨਾ ਹੋਣ ਕਾਰਨ ਫਿਲਹਾਲ 15 ਦਿਨ ਲਈ ਫੈਕਟਰੀ ਦਾ ਕੁੱਝ ਹਿੱਸਾ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਜੋ ਫੈਕਟਰੀ ਵਿਚ ਦਫ਼ਤਰੀ ਕੰਮ ਸੰਭਾਲਦੇ ਹਨ ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਜੇਕਰ ਉਹ ਕੁੱਝ ਦਿਨਾਂ ਲਈ ਆਪਣੇ ਪਰਿਵਾਰਕ ਮੈਂਬਰਾਂ ਕੋਲ ਛੁੱਟੀ ਜਾਣਾ ਚਾਹੁੰਦੇ ਹਨ ਤਾਂ ਜਾ ਸਕਦੇ ਹਨ। ਜਦੋਂ ਇਸ ਸਬੰਧੀ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਰਡਰ ਨਾ ਹੋਣ ਕਾਰਨ ਕੇਵਲ 15 ਦਿਨ ਲਈ ਯੂਨਿਟ ਦਾ ਕੁੱਝ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਅਤੇ ਅਗਲੇ ਮਹੀਨੇ ਉਤਪਾਦ ਫਿਰ ਰੋਜ਼ਾਨਾਂ ਦੀ ਤਰ੍ਹਾਂ ਯੂਨਿਟ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਵਰਕਰਾਂ ਨੂੰ ਵਾਪਿਸ ਕੰਮ 'ਤੇ ਬੁਲਾ ਲਿਆ ਜਾਵੇਗਾ।
ਮਾਛੀਵਾੜਾ ਦੇ ਕਾਰੋਬਾਰ 'ਤੇ ਪਵੇਗਾ ਸਿੱਧਾ ਪ੍ਰਭਾਵ
ਦੇਸ਼ ਵਿਚ ਫੈਲੀ ਆਰਥਿਕ ਮੰਦੀ ਕਾਰਨ ਉਦਯੋਗਿਕ ਇਕਾਈਆਂ ਬੰਦ ਹੋਣ ਦਾ ਸਿੱਧਾ ਪ੍ਰਭਾਵ ਮਾਛੀਵਾੜਾ ਇਲਾਕੇ ਦੇ ਦੁਕਾਨਦਾਰਾਂ ਤੇ ਹਰੇਕ ਕਾਰੋਬਾਰੀ ਨੂੰ ਪਵੇਗਾ ਕਿਉਂਕਿ ਇਲਾਕੇ ਦੀਆਂ ਮਿੱਲਾਂ ਵਿਚ ਕੰਮ ਕਰਦੇ ਮਜ਼ਦੂਰ ਆਪਣੀ ਕਮਾਈ ਦਾ 75 ਪ੍ਰਤੀਸ਼ਤ ਹਿੱਸਾ ਨੇੜ੍ਹਲੇ ਬਜ਼ਾਰਾਂ ਵਿਚ ਜਰੂਰੀ ਵਸਤਾਂ ਖਰੀਦਣ 'ਤੇ ਖਰਚ ਕਰਦੇ ਸਨ ਪਰ ਪਹਿਲਾਂ ਹੀ ਆਰਥਿਕ ਮੰਦੀ ਕਾਰਨ ਚਿੰਤਾ ਵਿਚ ਡੁੱਬੇ ਦੁਕਾਨਦਾਰਾਂ ਲਈ ਇਹ ਇਲਾਕੇ ਦੀਆਂ ਮਿੱਲਾਂ ਦਾ ਬੰਦ ਹੋਣਾ ਹੋਰ ਵੱਡੀ ਪ੍ਰੇਸ਼ਾਨੀ ਦਾ ਕਾਰਣ ਬਣੇਗਾ। ਮਾਛੀਵਾੜਾ ਨੇੜ੍ਹੇ ਜੋ ਹੋਰ ਧਾਗੇ ਦੀਆਂ ਵੱਡੀਆਂ ਉਦਯੋਗਿਕ ਇਕਾਈਆਂ ਹਨ ਉਨ੍ਹਾਂ ਦੇ ਹਾਲਾਤ ਵੀ ਕੁੱਝ ਜਿਆਦਾ ਵਧੀਆ ਨਹੀਂ ਅਤੇ ਕਈ ਮਿੱਲਾਂ ਵਲੋਂ ਆਪਣੇ ਮੁਲਾਜ਼ਮਾਂ ਨੂੰ 3-3 ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਜਿਸ ਕਾਰਨ ਮਿੱਲ ਮਾਲਕਾਂ ਨਾਲ ਮਜ਼ਦੂਰ ਵੀ ਆਰਥਿਕ ਮੰਦੀ ਦੇ ਦੌਰ 'ਚੋਂ ਨਿਕਲ ਰਹੇ ਹਨ। ਜੇਕਰ ਦੇਸ਼ ਵਿਚ ਫੈਲੀ ਆਰਥਿਕ ਮੰਦੀ ਜਿਆਦਾ ਸਮਾਂ ਰਹੀ ਤਾਂ ਪੰਜਾਬ ਵਿਚ ਬੇਰੁਜ਼ਗਾਰੀ ਹੋਰ ਵਧੇਗੀ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋਵੇਗਾ।  


author

Babita

Content Editor

Related News