ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਅਰਥਵਿਵਸਥਾ ਖਤਮ ਹੋਣ ਕੰਢੇ : ਭਗਵੰਤ ਮਾਨ
Monday, Sep 16, 2019 - 08:30 PM (IST)

ਟਾਂਡਾ ਉੜਮੁੜ (ਜਸਵਿੰਦਰ)-ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਅਰਥਵਿਵਸਥਾ ਤੇ ਵਪਾਰ ਖਤਮ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਮੈਂਬਰ ਪਾਰਲੀਮੈਂਟ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਟਾਂਡਾ ਵਿਖੇ ਸੀਨੀਅਰ ਆਪ ਨੇਤਾ ਜਸਵੀਰ ਸਿੰਘ ਰਾਜਾ ਦੇ ਨਿਵਾਸ ਸਥਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਅਕਾਲੀ ਭਾਜਪਾ ਤੇ ਹੁਣ ਕਾਂਗਰਸ ਦੀ ਸਰਕਾਰ ਚੁਣ ਕੇ ਪਛਤਾ ਰਹੇ ਹਨ ਕਿਉਂਕਿ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਦੋਨੋਂ ਸਰਕਾਰਾਂ ਨੇ ਹੁਣ ਤੱਕ ਸੂਬੇ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਸਿਰਫ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ । ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਵਲੋਂ ਚਲਾਈ ਜਾ ਰਹੀ 'ਪੰਜਾਬ ਬੋਲਦਾ ਹੈ' ਮੁਹਿਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪਾਰਟੀ ਵੱਲੋਂ ਰੱਖੇ ਜਾ ਰਹੇ ਪ੍ਰੋਗਰਾਮਾਂ 'ਚ ਆਪ ਮੁਹਾਰੇ ਸ਼ਮੂਲਿਅਤ ਕਰ ਰਹੇ ਹਨ ।
ਇਸ ਮੌਕੇ ਮਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇਕ ਸਿੱਕੇ ਦੇ ਪਹਿਲੂ ਹਨ ਅਤੇ ਵਾਰੀਆਂ ਬੰਨ ਕੇ ਪੰਜਾਬ ਵਾਸੀਆਂ ਨੂੰ ਵਿਕਾਸ ਦੇ ਮੌਡਲ ਵਿਖਾ ਕੇ ਲੁੱਟਣ 'ਚ ਲੱਗੇ ਹੋਏ ਹਨ । ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁਟ ਹੈ ਅਤੇ ਪੰਜਾਬ ਵਾਸੀਆਂ ਦੀ ਨਬਜ਼ ਦੇ ਮੁਤਾਬਿਕ ਸਦਾ ਕੰਮ ਕਰਨ ਨੂੰ ਪ੍ਰਮੁੱਖਤਾ ਦਿੰਦੀ ਹੈ । ਇਸ ਮੌਕੇ ਡਾ. ਰਵਜੋਤ ਸਿੰਘ, ਗੁਰਵਿੰਦਰ ਸਿੰਘ ਪਾਬਲਾ, ਹਰਮੀਤ ਸਿੰਘ ਔਲਖ, ਨਿਸ਼ਾਨ ਸਿੰਘ, ਗੁਰਦੀਪ ਸਿੰਘ ਹੈਪੀ, ਰਮਨਦੀਪ ਭਿੰਡਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਪ੍ਰਿੰਸ ਸਲੇਮਪੁਰ ਆਦਿ ਹਾਜ਼ਰ ਸਨ।