ਗਰੀਬਾਂ, ਮੱਧ ਵਰਗ ਤੇ ਛੋਟੇ ਵਪਾਰੀਆਂ ’ਤੇ ਵੀ ਪਵੇਗੀ ਖੇਤੀ ਕਾਨੂੰਨਾਂ ਦੀ ਮਾਰ : ਹਰਪਾਲ ਚੀਮਾ

Saturday, Dec 26, 2020 - 08:31 PM (IST)

ਗਰੀਬਾਂ, ਮੱਧ ਵਰਗ ਤੇ ਛੋਟੇ ਵਪਾਰੀਆਂ ’ਤੇ ਵੀ ਪਵੇਗੀ ਖੇਤੀ ਕਾਨੂੰਨਾਂ ਦੀ ਮਾਰ : ਹਰਪਾਲ ਚੀਮਾ

ਚੰਡੀਗੜ੍ਹ,(ਸ਼ਰਮਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਕਾਲੇ ਖੇਤੀ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਹੀ ਨਹੀਂ  ਗਰੀਬ, ਮੱਧ ਵਰਗ ਅਤੇ ਛੋਟੇ ਵਪਾਰੀਆਂ ਲਈ ਵੀ ਖਤਰਨਾਕ ਹਨ। ਇਨ੍ਹਾਂ ਕਾਨੂੰਨਾਂ ਦੀ ਸਭ ਤੋਂ ਵੱਧ ਮਾਰ ਦੇਸ਼ ਦੇ ਗਰੀਬ, ਮੱਧ ਵਰਗ ਅਤੇ ਛੋਟੇ ਵਪਾਰੀਆਂ ’ਤੇ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇਕ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤਾ।
ਚੀਮਾ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਨਾਲ ਕਿਸਾਨ ਬੇਜ਼ਮੀਨੇ ਹੋ ਜਾਣਗੇ, ਉੱਥੇ ਹੀ ਜ਼ਰੂਰੀ ਵਾਸਤਾਂ ਦੇ ਭੰਡਾਰੀਕਰਨ ਨਾਲ ਸਬੰਧਿਤ ਕਾਨੂੰਨ ਨੇ ਦੇਸ਼ ਦੇ ਗਰੀਬਾਂ ਅਤੇ ਵਪਾਰੀਆਂ ਨੂੰ ਖਤਮ ਕਰ ਦੇਣਾ ਹੈ। ਇਸ ਕਾਨੂੰਨ ਨਾਲ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਸੀਮਤ ਸੀਮਾ ਖ਼ਤਮ ਹੋਣ ਨਾਲ ਕਾਰਪੋਰੇਟ ਘਰਾਣੇ ਵੱਡੀ ਪੱਧਰ ’ਤੇ ਖਾਣ ਵਾਲੀਆਂ ਚੀਜ਼ਾਂ ਦਾ ਭੰਡਾਰਨ ਕਰਨਗੇ ਤੇ ਗਰੀਬ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਣਗੇ। ਇਸ ਨਾਲ ਗਰੀਬਾਂ, ਮੱਧ ਵਰਗ ਅਤੇ ਛੋਟੇ ਵਾਪਰੀਆਂ ਭਵਿੱਖ ਖਤਰੇ ਵਿਚ ਪੈ ਜਾਵੇਗਾ। ਪ੍ਰਧਾਨ ਮੰਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤੁਰੰਤ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ।


author

Deepak Kumar

Content Editor

Related News