ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦਾ ਕੱਢਿਆ ਦੀਵਾਲਾ : ਵੇਰਕਾ

Tuesday, Sep 03, 2019 - 06:43 PM (IST)

ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦਾ ਕੱਢਿਆ ਦੀਵਾਲਾ : ਵੇਰਕਾ

ਜੰਡਿਆਲਾ ਗੁਰੂ (ਬੱਲ) : ਮੋਦੀ ਸਰਕਾਰ ਨੇ ਗਲਤ ਨੀਤੀਆਂ ਅਖਤਿਆਰ ਕਰਕੇ ਦੇਸ਼ ਦੀ ਆਰਥਿਕਤਾ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ, ਦੇਸ਼ ਅੰਦਰ ਰੁਜ਼ਗਾਰ ਦਿਨੋ-ਦਿਨ ਘੱਟ ਰਿਹਾ ਹੈ ਤੇ ਆਰਥਿਕ ਮੰਦੀ ਕਾਰਨ ਵੱਡੀਆਂ-ਵੱਡੀਆਂ ਫੈਕਟਰੀਆਂ, ਕਾਰਖਾਨਿਆਂ ਦੇ ਕੰਮ ਠੱਪ ਹੋ ਰਹੇ ਹਨ ਜਿਸ ਕਰਕੇ ਵਪਾਰੀਆਂ, ਦੁਕਾਨਦਾਰਾਂ ਮਜਦੂਰਾਂ ਆਦਿ 'ਚ ਹਾਂਹਾਕਾਰ ਮਚੀ ਹੋਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵੇਅਰ ਹਾਊਸ ਦੇ ਚੇਅਰਮੈਂਨ ਡਾ. ਰਾਜ ਕੁਮਾਰ ਵੇਰਕਾ ਨੇ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਰੇਸ਼ ਕੁਮਾਰ ਟਾਂਗਰੀ ਦੇ ਦਫਤਰ ਕਸਬਾ ਟਾਂਗਰਾ ਵਿਖੇ ਪੁੱਜੇ ਡਾ. ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੀ ਅਫਸਰਸ਼ਾਹੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਮ ਲੋਕਾਂ ਨਾਲ ਸਹੀ ਢੰਗ ਨਾਲ ਪੇਸ਼ ਆਉਣ ਤੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਬਿਨਾਂ ਕਿਸੇ ਦੇਰੀ ਨਿਪਟਾਏ ਜਾਣ।


ਵੇਰਕਾ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਨਾਕਾਨੀ ਕਰਦਾ ਹੈ ਤਾਂ ਉਸਦੀ ਜਾਣਕਾਰੀ ਹਲਕੇ ਦੇ ਵਿਧਾਇਕ ਨੂੰ ਦਿੱਤੀ ਜਾਵੇ ਕੰਮ 'ਚ ਅਣਗਹਿਲੀ ਜਾਂ ਰਿਸ਼ਵਤਖੋਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਠਹਿਰਾਉਂਦਿਆਂ ਉਨ੍ਹਾ ਕਿਹਾ ਕਿ ਇਸਦਾ ਖਮਿਆਜ਼ਾ ਉਨ੍ਹਾਂ ਨੂੰ ਹਰ ਹਾਲ 'ਚ ਭੁਗਤਣਾ ਹੀ ਪਵੇਗਾ। ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਸਿਹਤ ਬੀਮਾਂ ਯੋਜਨਾਂ ਬੇਹੱਦ ਸਾਰਥਿੱਕ ਸਿੱਧ ਹੋਵੇਗੀ। ਜਿਸ ਤਹਿਤ ਇਕ ਪਰਿਵਾਰ ਹਰ ਵਰ੍ਹੇ ਪੰਜ ਲੱਖ ਰੁਪਏ ਦਾ ਮੁਫਤ ਇਲਾਜ ਕਰਵਾਉਣ ਦਾ ਹੱਕਦਾਰ ਹੋਵੇਗਾ। 

ਹੜ੍ਹਾਂ 'ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਵੱਖ-ਵੱਖ ਵਿਭਾਗਾਂ ਨੂੰ ਹੋਏ ਨੁਕਸਾਨ ਦੀ ਬਿਨਾਂ ਦੇਰੀ ਰਿਪੋਰਟ ਤਿਆਰ ਕਰਕੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਹਲਕਿਆਂ ਦੇ ਚੁਣੇ ਹੋਏ ਨੁਮਾਇੰਦੇ ਕਰ ਰਹੇ ਹਨ ਤਾਂ ਜੋ ਪ੍ਰਗਤੀ ਦੇ ਕੰਮ ਪੂਰੀ ਪਾਰਦਰਸ਼ਤਾ ਨਾਲ ਹੋ ਸਕਣ।


author

Gurminder Singh

Content Editor

Related News