ਮੋਦੀ ਪਹਿਲਾਂ 31000 ਕਰੋੜ ਦੇ ਅਨਾਜ ਘੋਟਾਲੇ ਦੀ ਰਕਮ ਪੰਜਾਬ ਨੂੰ ਮੋੜੇ

Monday, Mar 05, 2018 - 07:13 AM (IST)

ਜਲੰਧਰ (ਧਵਨ)  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਫੌਜੀ ਕਹਿਣ ਦੇ ਦਿੱਤੇ ਬਿਆਨ 'ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਤਿੱਖੀ ਪ੍ਰਤੀਕਿਰਿਆ ਜਤਾਉਂਦਿਆਂ ਕਿਹਾ ਕਿ ਘੱਟੋ-ਘੱਟ ਮੋਦੀ ਨੇ ਇਹ ਤਾਂ ਮੰਨ ਲਿਆ ਕਿ ਕਾਂਗਰਸ ਅੰਦਰ ਇਕ ਆਜ਼ਾਦ ਅਤੇ ਲੋਕਤੰਤਰਿਕ ਸੰਸਕ੍ਰਿਤੀ ਚੱਲ ਰਹੀ ਹੈ, ਜੋ ਕਿ ਭਾਜਪਾ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ 'ਚ ਤਾਨਾਸ਼ਾਹ ਢੰਗ ਨਾਲ ਫੈਸਲੇ ਲਏ ਜਾਂਦੇ ਹਨ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਅੰਦਰ ਪੂਰਾ ਲੋਕਤੰਤਰ ਬਹਾਲ ਹੈ। ਜਾਖੜ ਨੇ ਕਿਹਾ ਕਿ ਜਦੋਂ ਤੋਂ ਭਾਜਪਾ 'ਚ ਮੋਦੀ ਤੇ ਅਮਿਤ ਸ਼ਾਹ ਦਾ ਰਾਜ ਆਇਆ ਹੈ, ਉਦੋਂ ਤੋਂ ਭਾਜਪਾ ਦੇ ਅੰਦਰ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨ੍ਹਾ ਅਤੇ ਸ਼ਤਰੂਘਣ ਸਿਨ੍ਹਾ ਵਰਗੇ ਨੇਤਾਵਾਂ ਨੂੰ ਮਾਰਗਦਰਸ਼ਕ ਮੰਡਲ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਸਰਕਾਰ ਅਤੇ ਪਾਰਟੀ ਵਲੋਂ ਲਏ ਗਏ ਫੈਸਲਿਆਂ ਬਾਰੇ ਚਰਚਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਰਾਜਸਥਾਨ, ਕਰਨਾਟਕ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਥੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਉਸ ਨੂੰ ਕਰਾਰੀ ਟੱਕਰ ਦੇਣ ਲਈ ਤਿਆਰ ਹੈ।
ਜਾਖੜ ਨੇ ਕਿਹਾ ਕਿ ਕੈਪਟਨ ਨੂੰ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਭਾਜਪਾ ਤੋਂ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦਾ ਹਿੱਤ ਚਾਹੁੰਦੀ ਹੈ ਤਾਂ ਪਹਿਲਾਂ ਉਸ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ 31000 ਕਰੋੜ ਦੇ ਅਨਾਜ ਘੋਟਾਲੇ ਦੀ ਰਕਮ ਪੰਜਾਬ ਨੂੰ ਵਾਪਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।


Related News