ਤਿੰਨ ਲੁਟੇਰੇ ਔਰਤ ਦਾ ਮੋਬਾਇਲ ਖੋਹ ਕੇ ਹੋਏ ਫ਼ਰਾਰ

Saturday, Jul 20, 2024 - 03:45 PM (IST)

ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਸਥਾਨਕ ਅਨਾਰ ਗਲੀ 'ਚ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਗਲੀ 'ਚ ਪੈਦਲ ਜਾ ਰਹੀ ਇਕ ਔਰਤ ਦਾ ਮੋਬਾਇਲ ਫ਼ੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਹਾਲਾਂਕਿ ਕੁੱਝ ਲੋਕਾਂ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਪਰ ਉਹ ਤੰਗ ਗਲੀਆਂ ਰਾਹੀਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਅਨਾਰ ਗਲੀ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਸੋਨਲ ਅਤੇ ਬੇਟੀ ਮੰਦਰ ਤੋਂ ਵਾਪਸ ਘਰ ਆ ਰਹੀਆਂ ਸਨ। ਜਦੋਂ ਉਹ ਘਰ ਦੇ ਨੇੜੇ ਪਹੁੰਚੀਆਂ ਤਾਂ ਕਿਸੇ ਨੇ ਫੋਨ ਕੀਤਾ ਅਤੇ ਜਿਵੇਂ ਹੀ ਉਸ ਦੀ ਪਤਨੀ ਫੋਨ ’ਤੇ ਗੱਲ ਕਰਨ ਲੱਗੀ ਤਾਂ ਪਿੱਛੇ ਤੋਂ ਮੋਟਰਸਾਈਕਲ ’ਤੇ ਤਿੰਨ ਨੌਜਵਾਨਾਂ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਉਨ੍ਹਾਂ ਤੁਰੰਤ 112 ਹੈਲਪਲਾਈਨ ’ਤੇ ਸੂਚਨਾ ਦਿੱਤੀ, ਜਿਸ ’ਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।
 


Babita

Content Editor

Related News