ਲੁਟੇਰਿਆਂ ਨਾਲ ਨਿਹੱਥਾ ਭਿੜਨ ਵਾਲੀ ਜਲੰਧਰ ਦੀ ਕੁਸੁਮ ਦੀ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਹੋਈ ਚੋਣ
Wednesday, Feb 24, 2021 - 12:57 PM (IST)
ਜਲੰਧਰ (ਚੋਪੜਾ)– ਮੋਬਾਇਲ ਸਨੈਚਰਾਂ ਨਾਲ ਨਿਹੱਥਾ ਭਿੜਨ ਵਾਲੀ 15 ਸਾਲਾ ਕੁਸੁਮ ਦੀ ਭਾਰਤੀ ਬਾਲ ਕਲਿਆਣ ਸਮਿਤੀ ਵੱਲੋਂ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉਕਤ ਪੁਰਸਕਾਰ ਲਈ ਕੁਸੁਮ ਨੂੰ ਵਧਾਈ ਦਿੰਦੇ ਦੱਸਿਆ ਕਿ ਜਿੱਥੇ ਇਸ ਬੱਚੀ ਦਾ ਬਹਾਦਰੀ ਭਰਿਆ ਕਾਰਨਾਮਾ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ, ਉਥੇ ਹੀ ਕੁਸੁਮ ਬਾਕੀ ਲੜਕੀਆਂ ਲਈ ਇਕ ਪ੍ਰੇਰਣਾ-ਸ੍ਰੋਤ ਵਜੋਂ ਸਾਹਮਣੇ ਆਈ ਹੈ।
ਘਨਸ਼ਾਮ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਸੁਮ ਵੱਲੋਂ ਜ਼ਖ਼ਮੀ ਹੋਣ ਦੇ ਬਾਵਜੂਦ ਲੁੱਟ ਦੀ ਵਾਰਦਾਤ ਨੂੰ ਅਸਫ਼ਲ ਬਣਾਉਣ ਲਈ ਵਿਖਾਈ ਹਿੰਮਤ ਅਤੇ ਦਲੇਰੀ ਦੀ ਪ੍ਰਸ਼ੰਸਾ ਕਰਦੇ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਕੋਰੋਨਾ ਦਾ ਕਹਿਰ ਜਾਰੀ, 41 ਵਿਦਿਆਰਥੀਆਂ ਸਣੇ 103 ਨਵੇਂ ਮਾਮਲੇ ਆਏ ਸਾਹਮਣੇ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਏ. ਪੀ. ਫਲਾਈਓਵਰ ਦੇ ਹੇਠਾਂ ਕੁਸੁਮ ਨੂੰ ਇਕ ਗ੍ਰਾਫਟੀ ਵੀ ਸਮਰਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਸੁਮ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮਿਸ਼ਨ ਤਹਿਤ ਅੰਬੈਸਡਰ ਬਣਾਉਣ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁਸੁਮ ਨੂੰ ਉਕਤ ਸਨਮਾਨ ਅਗਲੇ ਮਹੀਨੇ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ