ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਕੇਜਰੀਵਾਲ ਪੁੱਜੇ ਸੰਗਰੂਰ

Thursday, Oct 11, 2018 - 12:41 PM (IST)

ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਕੇਜਰੀਵਾਲ ਪੁੱਜੇ ਸੰਗਰੂਰ

ਸੰਗਰੂਰ(ਪ੍ਰਿੰਸ,ਵਿਵੇਕ ਸਿੰਧਵਾਨੀ, ਯਾਦਵਿੰਦਰ)— ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਵਿਚ ਸ਼ਿਰਕਤ ਕਰਨ ਲਈ ਸੰਗਰੂਰ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਉਹ ਬਠਿੰਡਾ ਲਈ ਰਵਾਨਾ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਅਮਨ ਅਰੋੜਾ ਵੀ ਮੌਜੂਦ ਹਨ।

ਸੰਗਰੂਰ ਰੇਲਵੇ ਸਟੇਸ਼ਨ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਦਿੱਲੀ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਰੈਗੂਲਰ ਕਰ ਕੇ ਉਨ੍ਹਾਂ ਦੀ ਤਨਖਾਹ 17,000 ਤੋਂ ਵਧਾ ਕੇ 34 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ, ਜਦੋਂ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ 45 ਹਜ਼ਾਰ ਰੁਪਏ ਤੋਂ ਘਟਾ ਕੇ 15 ਹਜ਼ਾਰ ਕਰਨ ਦਾ ਬੇਹੱਦ ਨਿੰਦਾਯੋਗ ਫਰਮਾਨ ਸੁਣਾਇਆ। ਅਜਿਹੇ 'ਚ ਜੋ ਅਧਿਆਪਕ ਆਪਣਾ ਘਰ ਨਹੀਂ ਚਲਾ ਸਕਣਗੇ, ਉਹ ਬੱਚਿਆਂ ਨੂੰ ਕੀ ਖਾਕ ਪੜ੍ਹਾਉਣਗੇ। ਅਜਿਹਾ ਐਲਾਨ ਕਰਨ 'ਤੇ ਕੈਪਟਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਵਾਤਾਵਰਣ ਮੰਤਰੀ ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਸਬਸਿਡੀ ਪ੍ਰਦਾਨ ਕਰ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾਵੇਗਾ ਪਰ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਦੀ ਸੂਬਾ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇਣ 'ਚ ਨਾਕਾਮ ਰਹੀ ਹੈ।  ਪੰਜਾਬ 'ਚ ਦੋ ਫਾੜ ਚੱਲ ਰਹੀ ਆਮ ਆਦਮੀ ਪਾਰਟੀ ਦੇ ਬਾਰੇ ਪੁੱਛਣ 'ਤੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਜਲਦੀ ਹੀ ਇਕ ਹੋ ਜਾਵਾਂਗੇ। ਹਰ ਕਿਸੇ ਦਾ ਮਨਮੁਟਾਵ ਜਲਦੀ ਹੀ ਦੂਰ ਕਰ ਲਿਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਫਿਰ ਤੋਂ ਇਕਜੁੱਟ ਹੋ ਕੇ ਉਭਰੇਗੀ।


Related News