MLA ਰਮਨਜੀਤ ਸਿੰਘ ਸਿੱਕੀ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ
Sunday, Jan 19, 2020 - 10:38 PM (IST)

ਖਡੂਰ ਸਾਹਿਬ (ਵਿਜੇ ਅਰੋੜਾ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਐੱਮ ਐੱਲ ਏ ਰਮਨਜੀਤ ਸਿੰਘ ਸਿੱਕੀ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ। ਦਰਅਸਲ ਇਹ ਪੋਸਟਰ ਹਲਕੇ ਦੇ ਲੋਕਾਂ ਵਲੋਂ ਲਗਾਏ ਗਏ ਹਨ ਕਿਉਂਕਿ ਰਮਨਜੀਤ ਸਿੰਘ ਸਿੱਕੀ ਕੁਝ ਦਿਨ ਤੋਂ ਹਲਕੇ 'ਚ ਨਜ਼ਰ ਨਹੀਂ ਆਏ, ਜਿਸ ਕਾਰਨ ਹਲਕੇ ਦੇ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਹਨ। ਕੁਝ ਦਿਨ ਪਹਿਲਾਂ ਵੀ ਪੋਸਟਰ ਵਾਰ ਹੋਈ ਸੀ। ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਚੱਲਦਿਆਂ ਲੋਕਾਂ ਨੇ ਗੁੱਸੇ ਵਿੱਚ ਆ ਕੇ ਇਹ ਪੋਸਟਰ ਲਗਾਏ ਹਨ ਕਿ ਆਖਰਕਾਰ ਐਮਐਲਏ ਕਿੱਥੇ ਚਲੇ ਗਏ ਹਨ।
ਇਸ ਪੋਸਟਰ 'ਤੇ ਲਿਖਿਆ ਹੈ, 'ਗੁੰਮਸ਼ੁਦਾ ਹੋਇਆ ਹਲਕਾ ਖਡੂਰ ਸਾਹਿਬ ਦਾ ਐਮ.ਐਲ.ਏ. ਰਮਨਜੀਤ ਸਿੰਘ ਸਿੱਕੀ।
ਹਲਕੇ ਵਿਚ ਕਰਵਾਏ ਵਿਕਾਸ ਕਾਰਜ।
1 ਖਡੂਰ ਸਾਹਿਬ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਪਰ ਬਣਾਉਣੀ ਨਹੀਂ।
2 ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ।
3 ਹਲਕੇ 'ਚ ਰੇਤ ਮਾਫੀਏ ਨੂੰ ਸ਼ਹਿ ਦੇਣਾ।
4 ਨਾਜਾਇਜ਼ ਪਰਚੇ ਕਰਵਾਉਣੇ।
5 ਸਰਕਾਰੀ ਦਫਤਰਾਂ 'ਚ ਲੁੱਟ ਮਚਾਈ।
ਹੋਰ ਵੀ ਬਹੁਤ ਵੱਡੇ ਵਿਕਾਸ ਕਰਵਾਏ ਗਏ ਹਨ ਜੋ ਦੱਸੇ ਨਹੀਂ ਜਾ ਸਕਦੇ, ਵਲੋਂ ਸਮੂਹ ਹਲਕਾ ਨਿਵਾਸੀ ਖਡੂਰ ਸਾਹਿਬ।'
ਇਸ ਸਬੰਧੀ ਜਦੋਂ ਐਮ.ਐਲ.ਏ. ਰਮਨਜੀਤ ਸਿੰਘ ਸਿੱਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।