ਦੀਵਾਲੀ ਦੇ ਨੇੜੇ-ਤੇੜੇ ਵਿਧਾਇਕ ਪਰਗਟ ਸਿੰਘ ਨੂੰ ਲੱਗ ਸਕਦੈ ਵੱਡਾ ਝਟਕਾ

Thursday, Oct 20, 2022 - 02:33 PM (IST)

ਦੀਵਾਲੀ ਦੇ ਨੇੜੇ-ਤੇੜੇ ਵਿਧਾਇਕ ਪਰਗਟ ਸਿੰਘ ਨੂੰ ਲੱਗ ਸਕਦੈ ਵੱਡਾ ਝਟਕਾ

ਜਲੰਧਰ (ਮਹੇਸ਼ ਖੋਸਲਾ)–ਦੀਵਾਲੀ ਦੇ ਨੇੜੇ-ਤੇੜੇ ਕਿਸੇ ਵੀ ਦਿਨ ਜਲੰਧਰ ਛਾਉਣੀ ਹਲਕੇ ਵਿਚ ਵਿਧਾਇਕ ਪਰਗਟ ਸਿੰਘ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਚੋਣ ਵਿਚ ਅੱਗੇ ਹੋ ਕੇ ਸਰਗਰਮੀ ਨਾਲ ਕੰਮ ਕਰਨ ਵਾਲੇ ਹਲਕੇ ਦੇ ਕਈ ਕੌਂਸਲਰ, ਸਰਪੰਚ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਂਗਰਸ ਨੂੰ ਅਲਵਿਦਾ ਕਹਿਣ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਉਹ ਛਾਉਣੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੇ ਸੰਪਰਕ ਵਿਚ ਵੀ ਹਨ, ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਉਹ ‘ਆਪ’ ਵਿਚ ਹੀ ਜਾਣ ਵਾਲੇ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰਗਟ ਸਿੰਘ ਦੇ ਜ਼ਿਆਦਾ ਕਰੀਬੀ ਮੰਨੇ ਜਾਣ ਵਾਲੇ ਹੀ ਉਨ੍ਹਾਂ ਨੂੰ ਛੱਡ ਕੇ ‘ਆਪ’ ਵਿਚ ਜਾ ਰਹੇ ਹਨ। ਇਸ ਤਰ੍ਹਾਂ ਸੁਰਿੰਦਰ ਸਿੰਘ ਸੋਢੀ ਨੂੰ ਆ ਰਹੀਆਂ ਨਿਗਮ ਚੋਣਾਂ ਵਿਚ ਭਾਰੀ ਮਜ਼ਬੂਤੀ ਮਿਲ ਸਕਦੀ ਹੈ। ਇਕ ਮਹੀਨਾ ਪਹਿਲਾਂ ਹੀ ਕੌਂਸਲਰ ਰੋਹਨ ਸਹਿਗਲ ਅਤੇ ਕੌਂਸਲਰ ਮਿੰਟੂ ਜੁਨੇਜਾ ਨੇ ਕਾਂਗਰਸ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਸੀ। ਇਹ ਦੋਵੇਂ ਕੌਂਸਲਰ ਵੀ ਕਾਂਗਰਸ ਦੀ ਸਰਕਾਰ ਸਮੇਂ ਅਕਸਰ ਪਰਗਟ ਸਿੰਘ ਦੇ ਆਲੇ-ਦੁਆਲੇ ਘੁੰਮਦੇ ਵੇਖੇ ਜਾਂਦੇ ਸਨ। ਕਾਂਗਰਸ ਛੱਡਦੇ ਸਮੇਂ ਰੋਹਨ ਅਤੇ ਮਿੰਟੂ ਨੇ ਆਪਣੇ ਹੀ ਖਾਸਮਖਾਸ ਵਿਧਾਇਕ 'ਤੇ ਕਈ ਸਿਆਸੀ ਅਟੈਕ ਕੀਤੇ ਸਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਜੋ ਕਾਂਗਰਸੀ ‘ਆਪ’ ਵਿਚ ਜਾਣ ਵਾਲੇ ਹਨ, ਉਨ੍ਹਾਂ ਵਿਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜੋਕਿ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਸੁੱਖਾ ਕਾਂਗਰਸ ਦੇ ਟਕਸਾਲੀ ਨੇਤਾ ਹਨ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਹਰ ਚੋਣ ਵਿਚ ਅੱਗੇ ਹੋ ਕੇ ਆਪਣੀ ਵੱਡੀ ਭੂਮਿਕਾ ਨਿਭਾਈ ਹੈ। ਚਰਚਾ ਹੈ ਕਿ ਜੇਕਰ ਇਹ ਕਾਂਗਰਸੀ ਕਿਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਛੱਡ ਕੇ ਸੋਢੀ ਦੇ ਸਮਰਥਨ ਵਿਚ ਆ ਜਾਂਦੇ ਤਾਂ ਪਰਗਟ ਸਿੰਘ ਕਦੇ ਜਿੱਤ ਹੀ ਨਹੀਂ ਸਕਦੇ ਸਨ ਅਤੇ ਸੁਰਿੰਦਰ ਸਿੰਘ ਸੋਢੀ ਨੂੰ ਕੋਈ ਹਰਾ ਨਹੀਂ ਸਕਦਾ ਸੀ।

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਸੁੱਖਾ ਨਾਲ ਉਨ੍ਹਾਂ ਦੇ ‘ਆਪ’ ਵਿਚ ਜਾਣ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਆਉਣ ਵਾਲੇ ਦਿਨਾਂ ਵਿਚ ਹੀ ਆਪਣੇ ਪੱਤੇ ਖੋਲ੍ਹਣਗੇ। ਕਦੇ ਕਿਸੇ ਦੀ ਪ੍ਰਵਾਹ ਨਾ ਮੰਨਣ ਵਾਲੇ ਪਰਗਟ ਸਿੰਘ ਦੇ ਤੀਸਰੀ ਵਾਰ ਵਿਧਾਇਕ ਚੁਣੇ ਜਾਣ ਦੇ ਬਾਵਜੂਦ ਜਲੰਧਰ ਛਾਉਣੀ ਹਲਕੇ ਵਿਚ ਲਗਾਤਾਰ ਕਾਂਗਰਸ ਦਾ ਗ੍ਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ 2024 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਪਰਗਟ ਸਿੰਘ ਦੇ ਹਲਕੇ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ। ਕਾਂਗਰਸੀਆਂ ਨੂੰ ਪਤਾ ਹੈ ਕਿ ਕੈਂਟ ਹਲਕੇ ਵਿਚ ਸਾਰੇ ਕੰਮ ਸੁਰਿੰਦਰ ਸਿੰਘ ਸੋਢੀ ਦੇ ਹੀ ਹੋਣੇ ਹਨ, ਨਾ ਕਿ ਪਰਗਟ ਸਿੰਘ ਦੇ। ਉਂਝ ਵੀ ਪਰਗਟ ਸਿੰਘ ਨੇ ਤੀਜੀ ਵਾਰ ਵਿਧਾਇਕ ਚੁਣੇ ਜਾਣ ਦੇ ਬਾਅਦ ਛਾਉਣੀ ਹਲਕੇ ਦੇ ਲੋਕਾਂ ਤੋਂ ਦੂਰੀ ਬਣਾਈ ਹੋਈ ਹੈ। ਵਰਕਰ ਇਸ ਕਾਰਨ ਵੀ ਉਨ੍ਹਾਂ ਤੋਂ ਨਾਰਾਜ਼ ਹਨ।

ਕਾਂਗਰਸ ਦੀ ਸ਼ਰਮਨਾਕ ਹਾਰ ਕਾਰਨ ਵਰਕਰ ਹੋ ਰਹੇ ਹਨ ਪਾਰਟੀ ਤੋਂ ਦੂਰ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਸ਼ਰਮਨਾਕ ਹਾਰ ਕਾਰਨ ਪਾਰਟੀ ਦੇ ਵਰਕਰ ਪਾਰਟੀ ਤੋਂ ਦੂਰ ਹੋ ਰਹੇ ਹਨ। ਪਾਰਟੀ ਦੇ ਵੱਡੇ ਨੇਤਾ ਭਾਜਪਾ ਵਿਚ ਜਾ ਰਹੇ ਹਨ ਅਤੇ ਕਾਂਗਰਸੀ ਵਰਕਰ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ‘ਆਪ’ ਵਿਚ ਜਾਣ ਵਾਲੇ ਸਮਝਦੇ ਹਨ ਕਿ ਨਗਰ ਨਿਗਮ ਚੋਣਾਂ ਵਿਚ ਵੀ ‘ਆਪ’ ਦਾ ਹੀ ਕਬਜ਼ਾ ਹੋਣ ਵਾਲਾ ਹੈ ਅਤੇ ‘ਆਪ’ ਦੇ ਹੀ ਕੰਮ ਹੋਣਗੇ। ਅਜਿਹੇ ਵਿਚ ਉਨ੍ਹਾਂ ਨੂੰ ਕਾਂਗਰਸ ਵਿਚ ਰਹਿਣ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਵਰਕਰਾਂ ਨੂੰ ਅਜਿਹਾ ਵੀ ਲੱਗ ਰਿਹਾ ਹੈ ਕਿ ਕਾਂਗਰਸ ਜਲਦੀ ਕਿਤੇ ਹੁਣ ਪੰਜਾਬ ਦੀ ਸੱਤਾ ਵਿਚ ਆਉਣ ਵਾਲੀ ਨਹੀਂ ਹੈ। ਕਾਂਗਰਸ ਦੇ ਦਿੱਗਜ ਨੇਤਾ ਹੀ ਕਾਂਗਰਸ ਨੂੰ ਛੱਡ ਰਹੇ ਹਨ। ਕਈਆਂ ਨੂੰ ਵਿਜੀਲੈਂਸ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਹੈ। ਕੁਝ ਇਕ ਨੇਤਾਵਾਂ ਨੂੰ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲਿਆਂਦੇ ਪੈਸਿਆਂ ਦਾ ਸਰੋਤ ਵਿਜੀਲੈਂਸ ਲਈ ਬਣਿਆ ਬੁਝਾਰਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News